ਜਲੰਧਰ :- ਜਲੰਧਰਦੇ ਨੰਦਰਪੁਰ ਇਲਾਕੇ ਵਿੱਚ ਰਾਤ ਕਰੀਬ 1 ਵਜੇ ਇਕ ਧਾਰਮਿਕ ਪ੍ਰੋਗਰਾਮ ਦੌਰਾਨ ਹਿੰਸਕ ਝਗੜਾ ਹੋ ਗਿਆ, ਜਿਸ ਵਿੱਚ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਗੋਲੀਆਂ ਨਾਲ ਹਮਲਾ ਕਰਕੇ ਇੱਕ ਨੌਜਵਾਨ ਦੀ ਜਾਨ ਲੈ ਲਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ, ਜੋ ਅਸ਼ੋਕ ਨਗਰ, ਲੇਨ ਨੰਬਰ 3 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਲਗਭਗ ਤਿੰਨ ਮਹੀਨੇ ਪਹਿਲਾਂ ਹੀ ਇੱਥੇ ਆ ਕੇ ਵੱਸਿਆ ਸੀ। ਉਹ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰ ਨਾਲ ਸਬੰਧਤ ਸੀ।
ਪੁਰਾਣੀ ਰੰਜਿਸ਼ ਕਾਰਨ ਹਮਲਾ
ਸ਼ੁਰੂਆਤੀ ਜਾਣਕਾਰੀ ਮੁਤਾਬਕ, ਘਟਨਾ ਦੀ ਸ਼ੁਰੂਆਤ ਪ੍ਰੋਗਰਾਮ ਦੌਰਾਨ ਹੋਏ ਤਣਾਅ ਨਾਲ ਹੋਈ। ਗੋਪੀ ਨੇ ਕੁਝ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਆਪਣੇ ਘਰ ਆਉਣ ਤੋਂ ਰੋਕਿਆ ਸੀ, ਜਿਸ ਨਾਲ ਉਹ ਭੜਕ ਗਏ। ਕੁਝ ਘੰਟਿਆਂ ਬਾਅਦ, ਦੋ ਕਾਰਾਂ ਵਿੱਚ ਸਵਾਰ ਹਮਲਾਵਰ ਉਸਦੇ ਘਰ ਪਹੁੰਚੇ ਅਤੇ ਉਸ ਉੱਤੇ ਤਾਬੜਤੋੜ ਹਮਲਾ ਕਰ ਦਿੱਤਾ। ਉਨ੍ਹਾਂ ਨੇ ਗੋਪੀ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਅਤੇ ਬੇਤਹਾਸ਼ਾ ਗੋਲੀਆਂ ਚਲਾਈਆਂ।
ਇਸ ਹਮਲੇ ਦੌਰਾਨ ਦੋ ਮਹਿਲਾਵਾਂ ਅਤੇ ਇੱਕ ਹੋਰ ਵਿਅਕਤੀ ਵੀ ਜ਼ਖਮੀ ਹੋਏ। ਗੋਪੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਹੋਰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਵਾਰਦਾਤ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਵੱਲੋਂ ਤੁਰੰਤ ਕਾਰਵਾਈ
ਸੂਚਨਾ ਮਿਲਣ ਤੇ ਥਾਣਾ ਨੰਬਰ 1 ਦੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸੀਸੀਟੀਵੀ ਫੁਟੇਜ ਖੰਗਾਲ ਕੇ ਦੋਸ਼ੀਆਂ ਦੀ ਪਹਿਚਾਣ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਇਲਾਕੇ ਵਿੱਚ ਤਣਾਅ ਨੂੰ ਦੇਖਦਿਆਂ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਸਪੱਸ਼ਟ ਹੋਇਆ ਹੈ ਕਿ ਇਹ ਕਤਲ ਪੁਰਾਣੀ ਰੰਜਿਸ਼ ਅਤੇ ਪ੍ਰੋਗਰਾਮ ਦੌਰਾਨ ਹੋਏ ਝਗੜੇ ਦਾ ਨਤੀਜਾ ਹੈ।