ਜਲੰਧਰ :- ਪੰਜਾਬ ਦੇ ਜਲੰਧਰ ਤੋਂ ਇੱਕ ਐਸੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਥਾਣਾ ਪਤਾਰਾ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਪਿਤਾ ਵੱਲੋਂ ਆਪਣੇ ਹੀ ਨਿੱਕੇ ਪੁੱਤਰ ਨੂੰ ਜਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਿਸ ਨੇ ਮਾਮਲੇ ਵਿੱਚ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਛੇ ਸਾਲਾਂ ਦਾ ਸੀ ਮਾਸੂਮ ਰੁਪੇਸ਼
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕ ਬੱਚੇ ਦੀ ਉਮਰ ਸਿਰਫ਼ 6 ਸਾਲ ਸੀ ਅਤੇ ਉਸਦਾ ਨਾਮ ਰੁਪੇਸ਼ ਮੁਖੀਆ ਦੱਸਿਆ ਗਿਆ ਹੈ। ਇਸ ਘਿਨੌਣੇ ਅਪਰਾਧ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਬੱਚੇ ਦਾ ਆਪਣਾ ਪਿਤਾ ਗਜੇਂਦਰ ਮੁਖੀਆ ਹੈ, ਜਿਸ ਨੂੰ ਥਾਣਾ ਪਤਾਰਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਬਦਲੇ ਦੀ ਅੱਗ ‘ਚ ਰਚੀ ਖੌਫਨਾਕ ਸਾਜ਼ਿਸ਼
ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਦੋਸ਼ੀ ਨੇ ਇਹ ਜੁਰਮ ਸੋਚ-ਸਮਝ ਕੇ ਸਾਜ਼ਿਸ਼ ਤਹਿਤ ਕੀਤਾ। ਗਜੇਂਦਰ ਮੁਖੀਆ ਦਾ ਮੰਨਣਾ ਸੀ ਕਿ ਕੀਟਨਾਸ਼ਕ ਪੀਣ ਨਾਲ ਬੱਚਾ ਸਿਰਫ਼ ਬੇਹੋਸ਼ ਹੋ ਜਾਵੇਗਾ ਅਤੇ ਉਹ ਇਸ ਮਾਮਲੇ ਵਿੱਚ ਆਪਣੇ ਰਿਸ਼ਤੇਦਾਰ, ਜੋ ਰਿਸ਼ਤੇ ‘ਚ ਉਸਦਾ ਜਵਾਈ ਲੱਗਦਾ ਹੈ, ਨੂੰ ਫਸਾ ਸਕੇਗਾ। ਦੱਸਿਆ ਜਾ ਰਿਹਾ ਹੈ ਕਿ ਉਸ ਜਵਾਈ ਵੱਲੋਂ ਕੁਝ ਸਮਾਂ ਪਹਿਲਾਂ ਗਜੇਂਦਰ ਉੱਤੇ ਪਾਜੇਬ ਚੋਰੀ ਦੇ ਦੋਸ਼ ਲਗਾ ਕੇ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਸੀ, ਜਿਸ ਕਾਰਨ ਦੋਸ਼ੀ ਬਦਲੇ ਦੀ ਭਾਵਨਾ ਵਿੱਚ ਸੀ।
ਮਾਂ ਦੇ ਸਾਹਮਣੇ ਤੜਪਦਾ ਰਿਹਾ ਬੱਚਾ
ਮ੍ਰਿਤਕ ਬੱਚੇ ਦੀ ਮਾਂ ਮਮਤਾ ਨੇ ਪੁਲਿਸ ਨੂੰ ਦੱਸਿਆ ਕਿ 6 ਫਰਵਰੀ ਦੀ ਦੇਰ ਸ਼ਾਮ ਉਹ ਰਸੋਈ ਵਿੱਚ ਖਾਣਾ ਤਿਆਰ ਕਰ ਰਹੀ ਸੀ। ਇਸ ਦੌਰਾਨ ਰੁਪੇਸ਼ ਦੇ ਹੱਥ ਵਿੱਚ ਦੋ ਬਿਸਕੁਟ ਸਨ, ਜਿਨ੍ਹਾਂ ਵਿੱਚੋਂ ਇੱਕ ਉਹ ਖਾ ਰਿਹਾ ਸੀ। ਅਚਾਨਕ ਬੱਚੇ ਨੇ ਕਿਹਾ ਕਿ ਪਾਪਾ ਨੇ ਉਸਨੂੰ ਦਵਾਈ ਪਿਲਾਈ ਹੈ। ਕੁਝ ਪਲਾਂ ਬਾਅਦ ਹੀ ਬੱਚੇ ਨੂੰ ਉਲਟੀਆਂ ਆਉਣ ਲੱਗ ਪਈਆਂ। ਬਿਸਕੁਟਾਂ ‘ਤੇ ਚਿਪਚਿਪਾ ਪਦਾਰਥ ਲੱਗਿਆ ਹੋਇਆ ਸੀ।
ਹਸਪਤਾਲਾਂ ਦੇ ਚੱਕਰ, ਪਰ ਨਾ ਬਚ ਸਕੀ ਜਾਨ
ਘਬਰਾਈ ਮਾਂ ਬੱਚੇ ਨੂੰ ਤੁਰੰਤ ਆਪਣੇ ਪਿਤਾ ਭੁੱਲਰ ਮੁਖੀਆ ਕੋਲ ਲੈ ਗਈ, ਜਿਥੋਂ ਉਸਨੂੰ ਸਿਵਲ ਹਸਪਤਾਲ ਜਲੰਧਰ ਲਿਜਾਇਆ ਗਿਆ। ਉਸ ਸਮੇਂ ਤੱਕ ਬੱਚਾ ਬੇਹੋਸ਼ ਹੋ ਚੁੱਕਾ ਸੀ। ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਰੁਪੇਸ਼ ਨੇ ਦਮ ਤੋੜ ਦਿੱਤਾ।
ਪੁਲਿਸ ਜਾਂਚ ‘ਚ ਟੁੱਟਿਆ ਦੋਸ਼ੀ
ਪੁਲਿਸ ਨੇ ਗਜੇਂਦਰ ਮੁਖੀਆ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਪਤਾਰਾ ਦੇ ਐੱਸਐੱਚਓ ਰਾਮ ਕਿਸ਼ਨ ਨੇ ਦੱਸਿਆ ਕਿ ਦੋਸ਼ੀ ਨੂੰ ਰਿਮਾਂਡ ‘ਤੇ ਲੈ ਕੇ ਡੂੰਘੀ ਪੁੱਛਗਿੱਛ ਕੀਤੀ ਜਾਵੇਗੀ। ਸ਼ੁਰੂਆਤੀ ਦੌਰਾਨ ਦੋਸ਼ੀ ਨੇ ਆਪਣੀ ਸੱਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ, ਪਰ ਸਬੂਤਾਂ ਦੇ ਸਾਹਮਣੇ ਆਉਣ ‘ਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।

