ਜਲੰਧਰ :- ਕਮਿਸ਼ਨਰੇਟ ਪੁਲਿਸ ਜਲੰਧਰ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ‘ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਦੀ ਨਿਗਰਾਨੀ ਹੇਠ ਅਤੇ DCP ਇਨਵੇਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ, ADCP ਜੇਅੰਤ ਪੁਰੀ ਅਤੇ ACP ਅਮਰਬੀਰ ਸਿੰਘ ਦੀ ਰਹਿਨੁਮਾਈ ਵਿੱਚ, ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਟੀਮ ਵੱਲੋਂ 4 ਦਸੰਬਰ ਨੂੰ ਫੋਕਲ ਪੁਆਇੰਟ ਖੇਤਰ ਵਿੱਚ ਵਿਸ਼ੇਸ਼ ਆਪਰੇਸ਼ਨ ਚਲਾਇਆ ਗਿਆ। ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਲਿਆ ਗਿਆ।
ਦੋਸ਼ੀਆਂ ਦੀ ਪਹਿਚਾਣ ਹੋਈ, ਹੈਰੋਇਨ ਅਤੇ ਨਕਦੀ ਬਰਾਮਦ
ਪੁਲਿਸ ਵੱਲੋਂ ਰੋਕੇ ਗਏ ਦੋਸੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ਼ ਸਾਜਨ, ਵਾਸੀ ਪ੍ਰੀਤ ਨਗਰ ਸੋਡਲ ਰੋਡ, ਅਤੇ ਪ੍ਰਭਜੋਤ ਸਿੰਘ ਉਰਫ਼ ਪ੍ਰਭ, ਵਾਸੀ ਪ੍ਰੀਤ ਨਗਰ, ਜਲੰਧਰ ਵਜੋਂ ਹੋਈ। ਜਾਂਚ ਦੌਰਾਨ ਉਨ੍ਹਾਂ ਦੇ ਕਬਜ਼ੇ ‘ਚੋਂ ਕੁੱਲ 80 ਗ੍ਰਾਮ ਹੈਰੋਇਨ ਅਤੇ ₹2,05,000 ਨਕਦੀ ਬਰਾਮਦ ਕੀਤੀ ਗਈ, ਜਿਸਨੂੰ ਪੁਲਿਸ ਨੇ ਡਰੱਗ ਮਨੀ ਵਜੋਂ ਦਰਜ ਕੀਤਾ।
ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ, ਪਹਿਲਾਂ ਵੀ ਦੋਸ਼ੀ ਰਿਹਾ ਸ਼ਾਮਲ
ਦੋਸ਼ੀਆਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 8 ਵਿੱਚ NDPS ਐਕਟ ਦੀਆਂ ਧਾਰਾਵਾਂ 21, 27-A ਅਤੇ 61-85 ਹੇਠ ਮੁਕੱਦਮਾ ਨੰਬਰ 295 ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ਼ ਸਾਜਨ ਖ਼ਿਲਾਫ਼ ਪਹਿਲਾਂ ਵੀ 2022 ਵਿੱਚ NDPS ਐਕਟ ਤਹਿਤ ਕੇਸ ਦਰਜ ਹੋ ਚੁੱਕਾ ਹੈ।
ਨਸ਼ਾ ਸਪਲਾਈ ਚੇਨ ਦੀ ਪੜਤਾਲ ਜਾਰੀ
ਜਲੰਧਰ ਪੁਲਿਸ ਨੇ ਕਿਹਾ ਹੈ ਕਿ ਦੋਸ਼ੀਆਂ ਤੋਂ ਫਾਰਵਰਡ ਅਤੇ ਬੈਕਵਰਡ ਲਿੰਕਾਂ ਬਾਰੇ ਪੁੱਛਗਿੱਛ ਜਾਰੀ ਹੈ, ਤਾਂ ਜੋ ਨਸ਼ੇ ਦੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਤੋੜਿਆ ਜਾ ਸਕੇ। ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਇਸ ਤਰ੍ਹਾਂ ਦੀਆਂ ਸਖ਼ਤ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆ।

