ਜਲੰਧਰ :- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਤੜਕਸਾਰ ਸ਼ਹਿਰ ਦਾ ਦੌਰਾ ਕਰਕੇ ਬਾਰਿਸ਼ ਕਾਰਨ ਜਮਿਆ ਪਾਣੀ ਕੱਢਣ ਦੇ ਪ੍ਰਬੰਧਾਂ ਦੀ ਜਾਂਚ ਕੀਤੀ। ਉਨ੍ਹਾਂ ਸਫਾਈ ਅਤੇ ਸੈਨੇਟਰੀ ਵਰਕਰਾਂ ਨਾਲ ਮਿਲ ਕੇ ਹੌਸਲਾ ਅਫਜ਼ਾਈ ਕੀਤੀ ਅਤੇ ਪੂਰੀ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਡਾ. ਅਗਰਵਾਲ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕੁਝ ਥਾਵਾਂ ‘ਤੇ ਪਾਣੀ ਇਕੱਠਾ ਹੋਇਆ ਹੈ ਪਰ ਇਸ ਦੀ ਨਿਕਾਸੀ ਜਲਦੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਅਤੇ ਸਥਿਤੀ ਜਲਦੀ ਆਮ ਕੀਤੀ ਜਾਵੇਗੀ।
ਐਮਰਜੈਂਸੀ ਸੰਪਰਕ ਤੇ ਵਟਸਐਪ ਨੰਬਰ ਜਾਰੀ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਸਮੱਸਿਆ ਹੈ ਜਾਂ ਐਮਰਜੈਂਸੀ ਸਹਾਇਤਾ ਦੀ ਲੋੜ ਹੈ ਤਾਂ ਕੰਟਰੋਲ ਰੂਮ ਹੈਲਪਲਾਈਨ ਨੰਬਰ 0181-2240064 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਸਬੰਧੀ ਸਹਾਇਤਾ ਲਈ ਵਟਸਐਪ ਮੈਸੇਜਿੰਗ ਨੰਬਰ 9646-222-555 ਵੀ ਜਾਰੀ ਕੀਤਾ ਗਿਆ ਹੈ। ਲੋਕ ਇਸ ਨੰਬਰ ‘ਤੇ ਆਪਣਾ ਐਡਰੈੱਸ ਅਤੇ ਲੋਕੇਸ਼ਨ ਭੇਜ ਸਕਦੇ ਹਨ, ਤਾਂ ਜੋ ਫੌਰੀ ਤੌਰ ‘ਤੇ ਮਦਦ ਪਹੁੰਚ ਸਕੇ।