ਚੰਡੀਗੜ੍ਹ :- ਨਵੀਂ ਮੁੰਬਈ ਦੇ ਡੀ.ਵਾਈ. ਪਾਟਿਲ ਸਟੇਡੀਅਮ ‘ਚ ਖੇਡੇ ਗਏ ਫਾਈਨਲ ਮੈਚ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਪਹਿਲੀ ਵਾਰ ਆਈਸੀਸੀ ਵਿਸ਼ਵ ਕੱਪ ਜਿੱਤ ਲਿਆ। ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਮਿਲੀ ਇਸ ਇਤਿਹਾਸਕ ਜਿੱਤ ਨਾਲ ਦੇਸ਼ ਭਰ ‘ਚ ਖੁਸ਼ੀ ਦੀ ਲਹਿਰ ਦੌੜ ਗਈ।
ਸੀਐਮ ਮਾਨ ਨੇ ਵੀਡੀਓ ਕਾਲ ਰਾਹੀਂ ਕੀਤੀ ਗੱਲਬਾਤ, ਖਿਡਾਰਣਾਂ ਦੀ ਖੇਡ ਰੂਹ ਦੀ ਤਾਰੀਫ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਮਨਪ੍ਰੀਤ ਕੌਰ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਤੇ ਉਨ੍ਹਾਂ ਸਮੇਤ ਅਮਨਜੋਤ ਕੌਰ ਤੇ ਹਰਲੀਨ ਦਿਓਲ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਪੰਜਾਬ ਦੀਆਂ ਧੀਆਂ ਹੋ, ਪਰ ਅੱਜ ਪੂਰੇ ਦੇਸ਼ ਦਾ ਮਾਨ ਵਧਾਇਆ ਹੈ। 12 ਵਜੇ ਲਿਆ ਉਹ ਕੈਚ ਇਤਿਹਾਸ ਬਦਲ ਗਿਆ। ਮਾਨ ਨੇ ਕਿਹਾ ਕਿ ਆਸਟ੍ਰੇਲੀਆ, ਇੰਗਲੈਂਡ ਵਰਗੀਆਂ ਟੀਮਾਂ ਨਾਲ ਟੱਕਰ ਲੈ ਕੇ ਜਿੱਤ ਹਾਸਲ ਕਰਨੀ ਬੇਮਿਸਾਲ ਗੱਲ ਹੈ।
“ਕੈਚ ਨਹੀਂ, ਟਰਾਫ਼ੀ ਸੀ” — ਸੀਐਮ ਮਾਨ
ਮਾਨ ਨੇ ਅਮਨਜੋਤ ਕੌਰ ਦੇ ਕੈਚ ਦੀ ਵੀ ਖੂਬ ਤਾਰੀਫ਼ ਕੀਤੀ, ਕਹਿੰਦੇ ਹੋਏ ਕਿ ਜੋ ਕੈਚ ਤੁਸੀਂ ਫੜਿਆ, ਉਹ ਟਰਾਫ਼ੀ ਸੀ। ਉਨ੍ਹਾਂ ਨੇ ਐਲਾਨ ਕੀਤਾ ਕਿ ਜਦੋਂ ਖਿਡਾਰਣਾਂ ਪੰਜਾਬ ਆਉਣਗੀਆਂ, ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।
ਧੀਆਂ ਨੇ ਦਿਖਾਇਆ ਅਸਮਾਨ ਛੂਹਣ ਦਾ ਹੌਸਲਾ
ਮੁੱਖ ਮੰਤਰੀ ਨੇ ਕਿਹਾ ਕਿ ਕਦੇ ਕਿਹਾ ਜਾਂਦਾ ਸੀ ਧੀਆਂ ਕਮਜ਼ੋਰ ਹੁੰਦੀਆਂ ਨੇ, ਪਰ ਤੁਸੀਂ ਸਾਬਤ ਕੀਤਾ ਕਿ ਮੌਕਾ ਮਿਲੇ ਤਾਂ ਉਹ ਅਸਮਾਨ ਤੱਕ ਉਡਾਰੀਆਂ ਲਾ ਸਕਦੀਆਂ ਨੇ। ਉਨ੍ਹਾਂ ਨੇ ਪੂਰੀ ਟੀਮ ਸਮੇਤ ਸਾਬਕਾ ਮਹਿਲਾ ਖਿਡਾਰਣਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਕ੍ਰਿਕਟ ਦੀ ਨੀਂਹ ਰੱਖੀ।

