ਅੰਮ੍ਰਿਤਸਰ :- ਭਾਰਤ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਦਰਸ਼ਨ ਕਰਨ ਗਿਆ ਜਥਾ ਉਸ ਸਮੇਂ ਸੁਖੀਆਂ ‘ਚ ਆ ਗਿਆ, ਜਦੋਂ ਇਹ ਖੁਲਾਸਾ ਹੋਇਆ ਕਿ ਜਥੇ ਨਾਲ ਗਈ ਇੱਕ ਔਰਤ ਯਾਤਰਾ ਦੌਰਾਨ ਲਾਪਤਾ ਹੋ ਗਈ ਅਤੇ ਬਾਅਦ ਵਿੱਚ ਪਾਕਿਸਤਾਨ ਵਿੱਚ ਨਿਕਾਹ ਕਰਵਾ ਲਿਆ।
ਐਸਜੀਪੀਸੀ ਵੱਲੋਂ ਚਿੰਤਾ ਪ੍ਰਗਟ, ਜਾਂਚ ‘ਤੇ ਉਠੇ ਸਵਾਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਕੱਤਰ ਪ੍ਰਤਾਪ ਸਿੰਘ ਨੇ ਮਾਮਲੇ ਨੂੰ ਗੰਭੀਰ ਦੱਸਦਿਆਂ ਸਰਕਾਰੀ ਸਕ੍ਰੀਨਿੰਗ ‘ਤੇ ਸਵਾਲ ਖੜ੍ਹੇ ਕੀਤੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਥੇ ਲਈ ਭੇਜੀ ਗਈ ਅਧਿਕਾਰਤ ਯਾਤਰੀ ਸੂਚੀ ਵਿੱਚ ਉਸ ਔਰਤ ਦਾ ਨਾਮ ਸੀ ਹੀ ਨਹੀਂ, ਜਿਸ ਕਾਰਨ ਇਹ ਸਥਿਤੀ ਹੋਰ ਵੀ ਸ਼ੱਕੀ ਹੋ ਜਾਂਦੀ ਹੈ।
ਜਥੇ ਦੇ ਹੋਰ ਮੈਂਬਰਾਂ ਨੇ ਦੱਸਿਆ ਕਿ ਉਹ ਔਰਤ ਲਗਭਗ ਅੱਠ ਦਿਨ ਸਮੂਹ ਦੇ ਨਾਲ ਰਹੀ, ਪਰ ਉਸਨੇ ਕਦੇ ਵੀ ਕਿਸੇ ਰਿਸ਼ਤੇਦਾਰ ਨੂੰ ਮਿਲਣ ਦੀ ਗੱਲ ਨਹੀਂ ਕੀਤੀ ਅਤੇ ਨਾ ਹੀ ਕਿਸੇ ਨਿੱਜੀ ਯੋਜਨਾ ਬਾਰੇ ਕੋਈ ਸੰਕੇਤ ਦਿੱਤਾ।
ਸਕੱਤਰ ਪ੍ਰਤਾਪ ਸਿੰਘ: ‘ਯਾਤਰੀਆਂ ਦੀ ਜਾਂਚ ਸਰਕਾਰ ਦੀ ਜ਼ਿੰਮੇਵਾਰੀ’
ਐਸਜੀਪੀਸੀ ਨੇ ਸਪੱਸ਼ਟ ਕੀਤਾ ਕਿ ਉਹ ਕੇਵਲ ਅਧਿਕਾਰਤ ਸੂਚੀ ਵਿੱਚ ਦਿੱਤੇ ਨਾਂਵਾਂ ਦੇ ਆਧਾਰ ‘ਤੇ ਹੀ ਪ੍ਰਵਾਨਗੀ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਯਾਤਰੀਆਂ ਦੇ ਪਿਛੋਕੜ, ਔਨਲਾਈਨ ਗਤੀਵਿਧੀਆਂ ਜਾਂ ਸੰਭਾਵਿਤ ਸੰਪਰਕਾਂ ਦੀ ਜਾਂਚ ਕਰਨਾ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦਾ ਕੰਮ ਹੈ।
ਪ੍ਰਤਾਪ ਸਿੰਘ ਨੇ ਕਿਹਾ ਕਿ ਜੇਕਰ ਔਰਤ ਕਿਸੇ ਨਾਲ ਗੁਪਤ ਤੌਰ ‘ਤੇ ਸੰਪਰਕ ਵਿੱਚ ਸੀ, ਤਾਂ ਇਹ ਜਾਣਕਾਰੀ ਅਧਿਕਾਰੀਆਂ ਕੋਲ ਹੋਣੀ ਚਾਹੀਦੀ ਸੀ। ਉਹ ਕਹਿੰਦੇ ਹਨ ਕਿ ਜੇ ਪਹਿਲਾਂ ਵਾਂਗ ਸਕ੍ਰੀਨਿੰਗ ਸਖ਼ਤ ਹੁੰਦੀ, ਤਾਂ ਉਸਨੂੰ ਸਰਹੱਦ ਪਾਰ ਕਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਸੀ।
‘ਇਹ ਮਾਮਲਾ ਸਿਰਫ਼ ਇੱਕ ਪਰਿਵਾਰ ਦਾ ਨਹੀਂ, ਪੂਰੇ ਸਿੱਖ ਭਾਈਚਾਰੇ ਦੀ ਛਵੀ ਦਾ ਹੈ’
ਪ੍ਰਤਾਪ ਸਿੰਘ ਨੇ ਔਰਤ ਦੇ ਕਦਮ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਜਥੇ ਦਾ ਹਰ ਮੈਂਬਰ ਪੂਰੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦਾ ਹੈ, ਇਸ ਲਈ ਕਿਸੇ ਵੀ ਵਿਅਕਤੀ ਦੀ ਗਲਤੀ ਕੌਮ ਦੀ ਛਵੀ ਨੂੰ ਪ੍ਰਭਾਵਿਤ ਕਰਦੀ ਹੈ।
ਉਨ੍ਹਾਂ ਕਿਹਾ ਕਿ ਯਾਤਰਾ ‘ਤੇ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣੇ ਪਰਿਵਾਰ ਅਤੇ ਭਾਈਚਾਰੇ ਦੇ ਮਰਯਾਦਕ ਸਨਮਾਨ ਦਾ ਖਿਆਲ ਰੱਖਣਾ ਚਾਹੀਦਾ ਹੈ।
ਭਵਿੱਖ ਲਈ ਸਖ਼ਤ ਸਕ੍ਰੀਨਿੰਗ ਦੀ ਮੰਗ
SGPC ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਯਾਤਰਾ ਲਈ ਸਰਕਾਰ ਵੱਲੋਂ ਸੁਵਿਧਾਵਾਂ ਵਿੱਚ ਵਾਧਾ ਕੀਤਾ ਗਿਆ ਹੈ, ਪਰ ਇਹ ਘਟਨਾ ਸਬਕ ਹੈ ਕਿ ਜਾਚ ਪ੍ਰਕਿਰਿਆ ਨੂੰ ਹੋਰ ਕੜਾ ਕਰਨ ਦੀ ਲੋੜ ਹੈ ਤਾਂ ਜੋ ਅਜਿਹੇ ਮਾਮਲੇ ਦੁਬਾਰਾ ਨਾ ਹੋਣ।

