ਦਾਖਾ :- ਥਾਣਾ ਦਾਖਾ ਦੇ ਅਧੀਨ ਪੈਂਦੇ ਇੱਕ ਪਿੰਡ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਤਰੇਏ ਬਾਪ ਨੇ ਪਿਓ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦਿਆਂ ਆਪਣੀ ਨਾਬਾਲਗ ਧੀ ਨਾਲ ਲਗਾਤਾਰ ਜਬਰ-ਜ਼ਨਾਹ ਕੀਤਾ। ਪੀੜਤਾ ਮੁਤਾਬਕ ਇਹ ਦਰਿੰਦਗੀ ਪਿਛਲੇ ਕਰੀਬ ਪੰਜ ਸਾਲਾਂ ਤੋਂ ਚੱਲਦੀ ਆ ਰਹੀ ਸੀ, ਪਰ ਦੋਸ਼ੀ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਕਾਰਨ ਉਹ ਖਾਮੋਸ਼ ਰਹੀ।
ਮਾਂ ਘਰੇਲੂ ਕੰਮ ’ਤੇ ਜਾਂਦੀ ਰਹੀ, ਦੋਸ਼ੀ ਬਣਾਉਂਦਾ ਰਿਹਾ ਸ਼ਿਕਾਰ
ਪੀੜਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ ਪਹਿਲੇ ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਦੂਜਾ ਵਿਆਹ ਕੀਤਾ ਸੀ। ਮਾਂ ਘਰਾਂ ਵਿੱਚ ਮਜ਼ਦੂਰੀ ਲਈ ਜਾਂਦੀ ਰਹਿੰਦੀ ਸੀ ਅਤੇ ਇਸ ਦੌਰਾਨ ਮਤਰੇਆ ਪਿਤਾ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਂਦਾ ਰਿਹਾ। ਉਸ ਨੇ ਕਈ ਵਾਰ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਡਰ ਅਤੇ ਧਮਕੀਆਂ ਨੇ ਉਸ ਦੀ ਆਵਾਜ਼ ਦਬਾ ਦਿੱਤੀ।
ਸਿਹਤ ਵਿਗੜੀ ਤਾਂ ਖੁਲ੍ਹਿਆ ਭੇਦ, ਤਿੰਨ ਮਹੀਨੇ ਦੀ ਗਰਭਵਤੀ ਨਿਕਲੀ ਨਾਬਾਲਗ
ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਨਾਬਾਲਗ ਦੀ ਸਿਹਤ ਅਚਾਨਕ ਖਰਾਬ ਹੋਣ ਲੱਗੀ। ਮਾਂ ਵੱਲੋਂ ਲੈਬੋਰਟਰੀ ਵਿੱਚ ਕਰਵਾਏ ਗਏ ਚੈਕਅੱਪ ਦੌਰਾਨ ਪਤਾ ਲੱਗਾ ਕਿ ਉਹ ਤਿੰਨ ਮਹੀਨੇ ਦੀ ਗਰਭਵਤੀ ਹੈ। ਰਿਪੋਰਟ ਸਾਹਮਣੇ ਆਉਂਦੇ ਹੀ ਪਰਿਵਾਰਕ ਪੱਧਰ ’ਤੇ ਹੜਕੰਪ ਮਚ ਗਿਆ, ਜਿਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ।
ਜ਼ਬਰ-ਜ਼ਨਾਹ ਤੇ ਪੋਕਸੋ ਐਕਟ ਤਹਿਤ ਕੇਸ ਦਰਜ
ਥਾਣਾ ਦਾਖਾ ਦੇ ਮੁਖੀ ਹਮਰਾਜ ਸਿੰਘ ਚੀਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਐੱਸਆਈ ਕਿਰਨਦੀਪ ਕੌਰ ਵੱਲੋਂ ਕੀਤੀ ਜਾ ਰਹੀ ਹੈ। ਪੀੜਤਾ ਦਾ ਮੈਡੀਕਲ ਕਰਵਾਉਣ ਉਪਰੰਤ ਦੋਸ਼ੀ ਮਤਰੇਏ ਬਾਪ ਖ਼ਿਲਾਫ਼ ਜਬਰ-ਜ਼ਨਾਹ ਅਤੇ ਪੋਕਸੋ ਐਕਟ ਦੀਆਂ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

