ਬਠਿੰਡਾ :- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੱਦੇ ‘ਤੇ ਕਿਸਾਨ ਬਠਿੰਡਾ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਵੱਲ ਰਵਾਨਾ ਹੋਏ ਸਨ, ਪਰ ਜਿਓਂਦ ਪਿੰਡ ਨੇੜੇ ਪੁਲਿਸ ਨੇ ਜਥੇ ਨੂੰ ਅੱਗੇ ਵੱਧਣ ਤੋਂ ਰੋਕ ਲਿਆ। ਇਸ ਦੌਰਾਨ ਦੋਹਾਂ ਪੱਖਾਂ ਵਿਚਾਲੇ ਤਣਾਅ ਵੱਧ ਗਿਆ ਅਤੇ ਸਥਿਤੀ ਨੇ ਝੜਪ ਦਾ ਰੂਪ ਧਾਰ ਲਿਆ।
ਅੱਥਰੂ ਗੈਸ ਦੇ ਗੋਲੇ, ਗ੍ਰਿਫ਼ਤਾਰੀਆਂ
ਪੁਲਿਸ ਵੱਲੋਂ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਮੁਤਾਬਕ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਇਹ ਕਦਮ ਚੁੱਕਿਆ ਗਿਆ। ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਸਥਿਤੀ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਹਾਲਾਤਾਂ ਨੂੰ ਸੰਭਾਲਣ ਲਈ ਵਧੀਕ ਬਲ ਤਾਇਨਾਤ ਕੀਤਾ ਗਿਆ ਹੈ।
ਰਾਮਪੁਰਾ ਫੂਲ ਨੇੜੇ ਹਾਈਵੇਅ ਜਾਮ
ਕਾਰਵਾਈ ਦੇ ਵਿਰੋਧ ਵਿੱਚ ਕਿਸਾਨਾਂ ਨੇ ਰਾਮਪੁਰਾ ਫੂਲ ਨੇੜੇ ਬਠਿੰਡਾ-ਚੰਡੀਗੜ੍ਹ ਮਾਰਗ ‘ਤੇ ਧਰਨਾ ਦੇ ਕੇ ਆਵਾਜਾਈ ਰੋਕ ਦਿੱਤੀ। ਜਿਸ ਕਾਰਨ ਹਾਈਵੇਅ ‘ਤੇ ਲੰਬੀਆਂ ਕਤਾਰਾਂ ਲੱਗ ਗਈਆਂ। ਪੁਲਿਸ ਨੇ ਵਾਹਨਾਂ ਨੂੰ ਪਿੰਡਾਂ ਦੇ ਅੰਦਰੂਨੀ ਰਸਤਿਆਂ ਰਾਹੀਂ ਮੋੜਿਆ, ਤਾਂ ਜੋ ਆਵਾਜਾਈ ਨੂੰ ਕਿਸੇ ਹੱਦ ਤੱਕ ਜਾਰੀ ਰੱਖਿਆ ਜਾ ਸਕੇ।
ਹੋਰ ਜ਼ਿਲ੍ਹਿਆਂ ‘ਚ ਵੀ ਤਣਾਅ
ਰਿਪੋਰਟਾਂ ਅਨੁਸਾਰ ਸਿਰਫ਼ ਬਠਿੰਡਾ ਹੀ ਨਹੀਂ, ਸਗੋਂ ਸਮਾਣਾ ਅਤੇ ਸ਼ੇਰੋਂ ਖੇਤਰਾਂ ਵਿੱਚ ਵੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਧੱਕਾ-ਮੁੱਕੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਉਥੇ ਵੀ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਮੁੱਖ ਮੰਗ—ਦੋ ਕਿਸਾਨਾਂ ਦੀ ਰਿਹਾਈ
ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ ਨੌਂ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਦੋ ਸਾਥੀਆਂ ਦੀ ਰਿਹਾਈ ਲਈ ਇਹ ਸੰਘਰਸ਼ ਕੀਤਾ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀ ਰਿਹਾਈ ਨਹੀਂ ਹੁੰਦੀ, ਪ੍ਰਦਰਸ਼ਨ ਜਾਰੀ ਰਹੇਗਾ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਕਾਨੂੰਨ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਰੱਖੇ ਗਏ ਹਨ।

