ਅੰਮ੍ਰਿਤਸਰ :- (SGPC) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮਹੱਤਵਪੂਰਨ ਬੈਠਕ 19 ਫਰਵਰੀ ਨੂੰ ਸਵੇਰੇ 11 ਵਜੇ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਵਿਖੇ ਸੱਦੀ ਗਈ ਹੈ। ਬੈਠਕ ਕਮੇਟੀ ਦੇ ਪ੍ਰਧਾਨ ਵੱਲੋਂ ਬੁਲਾਈ ਗਈ ਹੈ ਅਤੇ ਇਸ ਨੂੰ ਕਈ ਅਹਿਮ ਮਸਲਿਆਂ ਕਰਕੇ ਖਾਸ ਤੌਰ ‘ਤੇ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ।
ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦਾ ਮਾਮਲਾ ਚਰਚਾ ਦਾ ਕੇਂਦਰ
ਮਿਲੀ ਜਾਣਕਾਰੀ ਅਨੁਸਾਰ ਬੈਠਕ ਦੌਰਾਨ ਗੁਰਦੁਆਰਾ ਅੰਬ ਸਾਹਿਬ ਨਾਲ ਸੰਬੰਧਿਤ ਜ਼ਮੀਨ ਵੇਚਣ ਦੇ ਮਾਮਲੇ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਕਾਫ਼ੀ ਚਰਚਾ ਰਹੀ ਹੈ ਅਤੇ ਸੰਭਾਵਨਾ ਹੈ ਕਿ ਅੰਤਰਿੰਗ ਕਮੇਟੀ ਵੱਲੋਂ ਇਸ ਸਬੰਧੀ ਕੋਈ ਮਹੱਤਵਪੂਰਨ ਫੈਸਲਾ ਲਿਆ ਜਾਵੇ।
ਭੁੱਲਰ ਦੀ ਰਿਹਾਈ ਸਬੰਧੀ ਵੀ ਹੋ ਸਕਦੀ ਹੈ ਵਿਚਾਰਚਾਰ
ਬੈਠਕ ਦੇ ਅਜੈਂਡੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਵੀ ਸ਼ਾਮਲ ਹੋ ਸਕਦਾ ਹੈ। ਪੰਥਕ ਪੱਧਰ ‘ਤੇ ਚੱਲ ਰਹੀ ਚਰਚਾ ਦੇ ਮੱਦੇਨਜ਼ਰ ਇਸ ਵਿਸ਼ੇ ‘ਤੇ ਵੀ ਅੰਤਰਿੰਗ ਕਮੇਟੀ ਆਪਣਾ ਰੁਖ ਸਪਸ਼ਟ ਕਰ ਸਕਦੀ ਹੈ।
328 ਸਰੂਪਾਂ ਦੇ ਮਾਮਲੇ ‘ਚ ਜਾਂਚ ਦੀ ਸਥਿਤੀ ‘ਤੇ ਨਜ਼ਰ
ਪਵਿੱਤਰ ਸਰੂਪਾਂ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਬਾਰੇ ਵੀ ਬੈਠਕ ਦੌਰਾਨ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਜਾਂਚ ਏਜੰਸੀ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦੀ ਪ੍ਰਗਤੀ ‘ਤੇ ਵਿਚਾਰ ਹੋਣ ਦੀ ਸੰਭਾਵਨਾ ਹੈ।
ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਦੀ ਨਿਯੁਕਤੀ ਦਾ ਮਸਲਾ ਵੀ ਅਹਿਮ
ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਦੀ ਨਿਯੁਕਤੀ ਦਾ ਵਿਸ਼ਾ ਵੀ ਅਜੈਂਡੇ ‘ਤੇ ਰਹੇਗਾ। ਗਿਆਨੀ ਰਘਬੀਰ ਸਿੰਘ ਦੇ ਲੰਮੀ ਛੁੱਟੀ ‘ਤੇ ਜਾਣ ਤੋਂ ਬਾਅਦ ਇਸ ਸਬੰਧੀ ਪ੍ਰਬੰਧਕੀ ਪੱਧਰ ‘ਤੇ ਫੈਸਲਾ ਲੈਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ। ਸੰਭਾਵਨਾ ਹੈ ਕਿ ਇਸ ਬੈਠਕ ਦੌਰਾਨ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਜਾਣ ਅਤੇ ਆਉਣ ਵਾਲੇ ਸਮੇਂ ਲਈ ਨਵਾਂ ਰੁਖ ਤੈਅ ਕੀਤਾ ਜਾਵੇ। ਪੰਥਕ ਹਲਕਿਆਂ ਦੀ ਨਿਗਾਹ ਹੁਣ ਇਸ ਮੀਟਿੰਗ ‘ਤੇ ਟਿਕੀ ਹੋਈ ਹੈ।

