ਬਠਿੰਡਾ :- ਬਠਿੰਡਾ ਦੇ ਬੀੜ ਤਲਾਬ ਬਸਤੀ ਇਲਾਕੇ ਵਿੱਚ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਨਜਾਇਜ਼ ਦੇਸੀ ਸ਼ਰਾਬ ਤਿਆਰ ਕਰਨ ਵਾਲੇ ਗੈਰਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਕਾਰਵਾਈ ਦੌਰਾਨ ਇੱਕ ਗੁਪਤ ਥਾਂ ’ਤੇ ਚੱਲ ਰਹੀ ਭੱਠੀ ਨੂੰ ਤਬਾਹ ਕਰਦੇ ਹੋਏ ਵੱਡੀ ਮਾਤਰਾ ਵਿੱਚ ਨਸ਼ੀਲਾ ਸਮਾਨ ਕਬਜ਼ੇ ਵਿੱਚ ਲਿਆ ਗਿਆ।
ਪਿਗਰੀ ਫਾਰਮ ਵਿੱਚ ਗੁਪਤ ਤੌਰ ’ਤੇ ਬਣ ਰਹੀ ਸੀ ਸ਼ਰਾਬ
ਮਿਲੀ ਜਾਣਕਾਰੀ ਮੁਤਾਬਕ ਖੇਤਾਂ ਵਿਚ ਬਣੇ ਇੱਕ ਪਿਗਰੀ ਫਾਰਮ ਨੂੰ ਢਾਲ ਵਜੋਂ ਵਰਤ ਕੇ ਗੁਪਤ ਤਰੀਕੇ ਨਾਲ ਦੇਸੀ ਸ਼ਰਾਬ ਤਿਆਰ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਰੇਡ ਦੌਰਾਨ ਮੌਕੇ ਤੋਂ ਲਗਭਗ 100 ਲੀਟਰ ਨਜਾਇਜ਼ ਲਾਹਣ ਅਤੇ ਕਰੀਬ 100 ਬੋਤਲਾਂ ਤਿਆਰ ਸ਼ਰਾਬ ਬਰਾਮਦ ਕੀਤੀਆਂ। ਇਸ ਤੋਂ ਇਲਾਵਾ ਸ਼ਰਾਬ ਬਣਾਉਣ ਲਈ ਵਰਤੀ ਜਾਂਦੀ ਭੱਠੀ ਅਤੇ ਹੋਰ ਸਾਮਾਨ ਵੀ ਕਬਜ਼ੇ ਵਿੱਚ ਲਿਆ ਗਿਆ।
ਧਰਤੀ ਹੇਠਾਂ ਦੱਬਿਆ ਮਿਲਿਆ ਸ਼ਰਾਬ ਬਣਾਉਣ ਦਾ ਸਮਾਨ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਵੱਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਇਹ ਛਾਪੇਮਾਰੀ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਿਆ ਕਿ ਸ਼ਰਾਬ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਕੱਚਾ ਸਮਾਨ ਧਰਤੀ ਹੇਠਾਂ ਦੱਬ ਕੇ ਰੱਖਿਆ ਗਿਆ ਸੀ, ਜਿਸਨੂੰ ਆਮ ਬੋਲਚਾਲ ਵਿੱਚ ਦੇਸੀ ਲਾਹਣ ਕਿਹਾ ਜਾਂਦਾ ਹੈ।
ਮੁਲਜ਼ਮ ਮੌਕੇ ਤੋਂ ਫਰਾਰ
ਅਧਿਕਾਰੀਆਂ ਦੇ ਅਨੁਸਾਰ ਛਾਪੇਮਾਰੀ ਦੀ ਕਾਰਵਾਈ ਦੌਰਾਨ ਦੋਸ਼ੀ ਵਿਅਕਤੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਕਿਹਾ ਕਿ ਉਸਦੀ ਪਛਾਣ ਕਰ ਲਈ ਗਈ ਹੈ ਅਤੇ ਜਲਦ ਹੀ ਉਸਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਥਾਨਕ ਲੋਕਾਂ ਨੂੰ ਨਹੀਂ ਸੀ ਗੈਰਕਾਨੂੰਨੀ ਧੰਦੇ ਦੀ ਜਾਣਕਾਰੀ
ਇਲਾਕੇ ਦੇ ਨੰਬਰਦਾਰ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਕਚਹਿਰੀਆਂ ਵਿੱਚ ਟਾਈਪਿਸਟ ਵਜੋਂ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਪੰਚਾਇਤ ਦੀ ਮੈਂਬਰ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਜ਼ਿਆਦਾਤਰ ਲੋਕਾਂ ਨੂੰ ਵੀ ਇਹ ਪਤਾ ਨਹੀਂ ਸੀ ਕਿ ਖੇਤਾਂ ਵਿੱਚ ਨਜਾਇਜ਼ ਸ਼ਰਾਬ ਬਣਾਉਣ ਦਾ ਧੰਦਾ ਚੱਲ ਰਿਹਾ ਹੈ।
ਨਜਾਇਜ਼ ਸ਼ਰਾਬ ਕਾਰਨ ਪਹਿਲਾਂ ਵੀ ਹੋ ਚੁੱਕੀਆਂ ਹਨ ਹਾਦਸੇਵਾਰ ਮੌਤਾਂ
ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਨਜਾਇਜ਼ ਸ਼ਰਾਬ ਦੇ ਕਾਰਨ ਕਈ ਦੁਖਦਾਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕਈ ਲੋਕਾਂ ਦੀ ਜਾਨ ਵੀ ਗਈ। ਇਸ ਕਰਕੇ ਪ੍ਰਸ਼ਾਸਨ ਵੱਲੋਂ ਅਜਿਹੇ ਗੈਰਕਾਨੂੰਨੀ ਧੰਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

