ਗੁਰਦਾਸਪੁਰ :- ਜ਼ਿਲ੍ਹੇ ਦੇ ਪਿੰਡ ਸੋਹਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ 50 ਸਾਲ ਪੁਰਾਣੇ ਬੰਦ ਪਏ ਘਰ ਦੀ ਖੁਦਾਈ ਦੌਰਾਨ ਮਨੁੱਖੀ ਕੰਕਾਲ ਬਰਾਮਦ ਹੋਇਆ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਸਰਪੰਚ ਨੇ ਦਿੱਤੀ ਪੁਲਿਸ ਨੂੰ ਸੂਚਨਾ
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਵੇਰੇ ਲਗਭਗ 10 ਵਜੇ ਨਾਲ ਦੇ ਰਹਿਣ ਵਾਲੇ ਲੋਕ ਆਪਣੇ ਘਰ ਦੀ ਨੀਂਹ ਪੁੱਟ ਰਹੇ ਸਨ। ਖੁਦਾਈ ਦੌਰਾਨ ਨਾਲ ਦੇ ਬੰਦ ਪਏ ਘਰ ਵਿੱਚੋਂ ਮਨੁੱਖੀ ਕੰਕਾਲ ਮਿਲਣ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਘਰ ਦਾ ਮਾਲਿਕ 5 ਮਹੀਨਿਆਂ ਤੋਂ ਲਾਪਤਾ
ਪੁਲਿਸ ਮੁਤਾਬਕ, ਜਿਸ ਘਰ ਤੋਂ ਕੰਕਾਲ ਮਿਲਿਆ ਹੈ, ਉਸਦਾ ਮਾਲਿਕ ਕੁਲਵੰਤ ਸਿੰਘ ਪਿਛਲੇ 5 ਤੋਂ 6 ਮਹੀਨਿਆਂ ਤੋਂ ਲਾਪਤਾ ਹੈ। ਉਸਦੀ ਪਤਨੀ ਨੇ ਇਸ ਸਬੰਧੀ ਪੁਲਿਸ ਨੂੰ ਲਾਪਤਾ ਹੋਣ ਦੀ ਰਿਪੋਰਟ ਵੀ ਦਰਜ ਕਰਵਾਈ ਸੀ।
ਜਾਂਚ ਤੋਂ ਬਾਅਦ ਹੀ ਮਿਲੇਗਾ ਸੱਚ
ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਮਿਲਿਆ ਕੰਕਾਲ ਕੁਲਵੰਤ ਸਿੰਘ ਦਾ ਹੈ ਜਾਂ ਕਿਸੇ ਹੋਰ ਵਿਅਕਤੀ ਦਾ। ਫੋਰੈਂਸਿਕ ਟੀਮ ਵੱਲੋਂ ਨਮੂਨੇ ਇਕੱਠੇ ਕਰ ਲਏ ਗਏ ਹਨ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸੱਚ ਸਾਹਮਣੇ ਆ ਸਕੇਗਾ।
ਪਿੰਡ ‘ਚ ਖੌਫ ਦਾ ਮਾਹੌਲ
ਕੰਕਾਲ ਮਿਲਣ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਅਤੇ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪਿੰਡ ਵਿੱਚੋਂ ਅਜਿਹੀ ਦਹਿਸ਼ਤਜਨਕ ਘਟਨਾ ਸਾਹਮਣੇ ਆਏਗੀ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।