ਹਰਟੇ :- ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਟੇ ‘ਚ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਇੱਕ ਵਿਵਾਦਿਤ ਕਾਰਵਾਈ ਨੇ ਇਲਾਕੇ ‘ਚ ਨਾਰਾਜ਼ਗੀ ਦੀ ਲਹਿਰ ਪੈਦਾ ਕਰ ਦਿੱਤੀ ਹੈ। ਮਾਮਲੇ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ‘ਚ ਕੁਝ ਪੁਲਸ ਮੁਲਾਜ਼ਮ ਇੱਕ ਮਹਿਲਾ ਅਤੇ ਉਸ ਦੀਆਂ ਨਾਬਾਲਿਗ ਧੀਆਂ ਨੂੰ ਬਲ ਪੂਰਵਕ ਵਾਹਨ ਵਿੱਚ ਚੁੱਕ ਕੇ ਲਿਜਾਂਦੇ ਨਜ਼ਰ ਆ ਰਹੇ ਹਨ।
ਨਾੜੀ ਦੇ ਵਿਵਾਦ ਤੋਂ ਸ਼ੁਰੂ ਹੋਈ ਪੁਲਸ ਮੁਹਿੰਮ
ਸੂਤਰਾਂ ਅਨੁਸਾਰ ਪਿੰਡ ਵਿੱਚ ਇੱਕ ਪਰਿਵਾਰ ਦੀ ਘਰ ਨਾਲ ਲੱਗਦੀ ਨਾੜੀ ਨੂੰ ਲੈ ਕੇ ਪੰਚਾਇਤ ਨਾਲ ਵਿਵਾਦ ਚੱਲ ਰਿਹਾ ਸੀ। ਇਹ ਮਾਮਲਾ ਅਦਾਲਤ ‘ਚ ਵੀ ਵਿਚਾਰਧੀਨ ਸੀ। ਬਾਵਜੂਦ ਇਸ ਦੇ, ਸੋਮਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਨੇ ਭਾਰੀ ਫੋਰਸ ਨਾਲ ਘਰ ‘ਚ ਰੇਡ ਮਾਰੀ। ਦਾਅਵਾ ਕੀਤਾ ਜਾ ਰਿਹਾ ਹੈ ਕਿ JCB ਮਸ਼ੀਨ ਨਾਲ ਘਰ ਦੀ ਨਾੜੀ, ਥੜਾ ਅਤੇ ਕੰਧ ਨੂੰ ਤੋੜ ਦਿੱਤਾ ਗਿਆ।
ਮਹਿਲਾ ਅਤੇ ਬੱਚੀਆਂ ਦੇ ਪਰਿਵਾਰ ਦਾ ਦੋਸ਼
ਘਰ ‘ਚ ਕੇਵਲ ਮਾਤਾ ਅਤੇ ਉਸ ਦੀਆਂ ਦੋ ਨਾਬਾਲਿਗ ਧੀਆਂ ਰਹਿ ਰਹੀਆਂ ਹਨ, ਜਦਕਿ ਪਰਿਵਾਰ ਦਾ ਮੁਖੀ ਪਹਿਲਾਂ ਹੀ ਸਵਰਗਵਾਸ ਕਰ ਚੁੱਕਾ ਹੈ। ਪੀੜਤ ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਇਹ ਕਾਰਵਾਈ ਰਾਜਨੀਤਿਕ ਰੰਜਿਸ਼ ਦੇ ਤਹਿਤ ਕੀਤੀ ਗਈ, ਕਿਉਂਕਿ ਪਿਛਲੀਆਂ ਪੰਚਾਇਤੀ ਚੋਣਾਂ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਐਮ.ਪੀ. ਡਾ.ਰਾਜਕੁਮਾਰ ਖਿਲਾਫ਼ ਮੋਹੜਾ ਫੜਿਆ ਸੀ।
ਪਿੰਡ ਵਾਸੀਆਂ ਵੱਲੋਂ ਰੋਸ ਪ੍ਰਗਟ
ਇਸ ਘਟਨਾ ਖ਼ਿਲਾਫ਼ ਪਿੰਡ ਵਾਸੀਆਂ ਵੱਲੋਂ ਵੱਡਾ ਰੋਸ ਵਿਆਕਤ ਕੀਤਾ ਗਿਆ। ਲੋਕਾਂ ਨੇ ਇਕੱਠ ਕਰਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ “ਮੁਰਦਾਬਾਦ” ਦੇ ਨਾਅਰੇ ਲਾਏ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਵਿਚ ਇਹ ਕੰਧ ਡਿੱਗ ਸਕਦੀ ਹੈ, ਜੋ ਜਾਨਮਾਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਸਰਪੰਚ ਅਤੇ ਅਧਿਕਾਰੀਆਂ ‘ਤੇ ਮਿਲੀਭਗਤ ਦੇ ਇਲਜ਼ਾਮ
ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਨੇ ਦਾਅਵਾ ਕੀਤਾ ਕਿ ਇਹ ਕਾਰਵਾਈ ਸਿਧਾ ਤੌਰ ‘ਤੇ ਮਹਿਲਾ ਅਤੇ ਬੱਚੀਆਂ ਵਾਲੇ ਘਰ ਨੂੰ ਨਿਸ਼ਾਨਾ ਬਣਾਉਣ ਵਾਲੀ ਸੀ। ਉਨ੍ਹਾਂ ਸਰਪੰਚ ਅਤੇ ਕਈ ਅਧਿਕਾਰੀਆਂ ‘ਤੇ ਮਿਲੀਭਗਤ ਦੇ ਗੰਭੀਰ ਇਲਜ਼ਾਮ ਲਾਏ ਹਨ।