ਹੁਸ਼ਿਆਰਪੁਰ :- ਹੁਸ਼ਿਆਰਪੁਰ ਦੇ ਮਾਡਲ ਟਾਊਨ ‘ਚ ਰਹਿੰਦੇ ਮਸ਼ਹੂਰ ਯੂਟਿਊਬਰ ਸਿਮਰਨ ਉਰਫ਼ ਸੈਮ ਦੇ ਘਰ ‘ਤੇ ਬੀਤੀ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਦੋ ਰਾਊਂਡ ਚਲਾਏ ਗਏ। ਇਹ ਵਾਕਿਆ ਤਕਰੀਬਨ ਡੇਢ ਵਜੇ ਦੇ ਕਰੀਬ ਵਾਪਰਿਆ। ਸੈਮ “ਹੁਸ਼ਿਆਰਪੁਰੀ” ਨਾਮਕ ਯੂਟਿਊਬ ਚੈਨਲ ਚਲਾਉਂਦਾ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਵੱਲੋਂ ਉਸਨੂੰ ਗੰਭੀਰ ਧਮਕੀ ਮਿਲੀ ਸੀ ਕਿ ਉਸਦੇ ਘਰ ‘ਤੇ ਗ੍ਰਨੇਡ ਹਮਲਾ ਕੀਤਾ ਜਾਵੇਗਾ। ਇਸ ਧਮਕੀ ਤੋਂ ਬਾਅਦ ਪੁਲਿਸ ਵੱਲੋਂ ਉਸਨੂੰ ਦੋ ਗਨਮੈਨ ਵੀ ਮੁਹੱਈਆ ਕਰਵਾਏ ਗਏ ਸਨ।
ਰਾਤ ਦੇ ਸੰਨਾਟੇ ‘ਚ ਗੋਲੀਆਂ, ਘਰੋਂ ਬਾਹਰ ਨਿਕਲਿਆ ਯੂਟਿਊਬਰ
ਸੈਮ ਨੇ ਦੱਸਿਆ ਕਿ ਉਹ ਘਰ ਵਿਚ ਸੋ ਰਿਹਾ ਸੀ ਕਿ ਅਚਾਨਕ ਗੋਲੀਆਂ ਦੀ ਆਵਾਜ਼ ਨਾਲ ਉਸਦੀ ਅੱਖ ਖੁੱਲੀ। ਬਾਹਰ ਨਿਕਲ ਕੇ ਵੇਖਿਆ ਤਾਂ ਗੇਟ ਦੇ ਨੇੜੇ ਦੋ ਖੋਲ ਪਏ ਸਨ। ਉਸਨੇ ਤੁਰੰਤ ਮਾਡਲ ਟਾਊਨ ਥਾਣੇ ਨੂੰ ਸੂਚਨਾ ਦਿੱਤੀ। ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਖੋਲ ਆਪਣੇ ਕਬਜ਼ੇ ‘ਚ ਲਏ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਰੱਖਿਆ ‘ਤੇ ਚਿੰਤਾ, ਮੈਡੀਕਲ ਫਿਟ ਗਨਮੈਨ ਦੀ ਮੰਗ
ਸੈਮ ਨੇ ਕਿਹਾ ਕਿ ਹਾਲਾਂਕਿ ਉਸਨੂੰ ਦੋ ਗਨਮੈਨ ਦਿੱਤੇ ਗਏ ਹਨ, ਪਰ ਉਹਨਾਂ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਦੀ ਲੱਤ ਜ਼ਖਮੀ ਹੋਣ ਕਰਕੇ ਉਹ ਪੂਰੀ ਤਰ੍ਹਾਂ ਡਿਊਟੀ ਨਹੀਂ ਨਿਭਾ ਸਕਦਾ। ਉਸਨੇ ਮੰਗ ਕੀਤੀ ਹੈ ਕਿ ਉਸਨੂੰ ਮੈਡੀਕਲ ਫਿਟ ਸੁਰੱਖਿਆ ਕਰਮੀ ਦਿੱਤੇ ਜਾਣ ਤਾਂ ਜੋ ਭਵਿੱਖ ‘ਚ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।