ਹੁਸ਼ਿਆਰਪੁਰ :- ਹੁਸ਼ਿਆਰਪੁਰ ਵਿੱਚ LPG ਟੈਂਕਰ ਧਮਾਕੇ ਨਾਲ ਜੁੜੀ ਜਾਂਚ ਦੌਰਾਨ ਹੋਰ ਹੈਰਾਨ ਕਰਨ ਵਾਲੇ ਖ਼ੁਲਾਸੇ ਸਾਹਮਣੇ ਆਏ ਹਨ। ਪੁਲਿਸ ਦੀ ਤਾਜ਼ਾ ਜਾਂਚ ਅਨੁਸਾਰ, ਪੰਜ ਵਿਅਕਤੀਆਂ ਦੀ ਇੱਕ ਗਿਰੋਹ ਗੈਸ ਟੈਂਕਰਾਂ ਤੋਂ ਗੈਸ ਚੋਰੀ ਕਰਕੇ ਗੈਰ-ਕਾਨੂੰਨੀ ਤਰੀਕੇ ਨਾਲ ਸਿਲੰਡਰਾਂ ਵਿੱਚ ਭਰ ਕੇ ਵੇਚਣ ਦੇ ਕਾਰੋਬਾਰ ਵਿੱਚ ਸ਼ਾਮਲ ਸੀ।
ਗਿਰੋਹ ਵਿੱਚ ਸ਼ਾਮਲ ਵਿਅਕਤੀਆਂ ਦੇ ਨਾਮ ਸਾਹਮਣੇ
ਜਾਂਚ ਵਿੱਚ ਸਾਹਮਣੇ ਆਇਆ ਕਿ ਅਵਤਾਰ ਸਿੰਘ (ਪੁੱਤਰ ਪ੍ਰਕਾਸ਼ ਸਿੰਘ, ਵਾਸੀ ਜੰਡੀ ਥਾਣਾ ਬੁੱਲੋਵਾਲ), ਰਮੇਸ਼ ਕੁਮਾਰ ਅਤੇ ਰਾਜਕੁਮਾਰ (ਦੋਵੇਂ ਪੁੱਤਰ ਜਨਕ ਦਾਸ, ਵਾਸੀ ਲੰਬਾ ਪਿੰਡ ਜਲੰਧਰ) ਟੈਂਕਰ ਡਰਾਈਵਰਾਂ ਨਾਲ ਮਿਲ ਕੇ ਇਹ ਕਾਰਵਾਈ ਕਰਦੇ ਸਨ। ਉਹ ਗੈਸ ਪਲਾਂਟ ਵਿੱਚ ਆਉਣ ਵਾਲੇ ਟੈਂਕਰਾਂ ਵਿੱਚੋਂ ਗੈਸ ਕੱਢਦੇ, ਸਿਲੰਡਰਾਂ ਵਿੱਚ ਭਰਦੇ ਅਤੇ ਗਾਹਕਾਂ ਨੂੰ ਵੇਚਦੇ ਸਨ।
FIR ਦਰਜ ਤੇ ਮੁਲਜ਼ਮ ਗ੍ਰਿਫ਼ਤਾਰ
ਇਸ ਸਬੰਧੀ 23 ਅਗਸਤ 2025 ਨੂੰ ਬੁੱਲੋਵਾਲ ਥਾਣੇ ਵਿੱਚ FIR ਨੰਬਰ 120 ਦਰਜ ਕੀਤੀ ਗਈ। ਕਾਰਵਾਈ ਦੌਰਾਨ ਡਰਾਈਵਰ ਸੁਖਜੀਤ ਸਿੰਘ ਸਮੇਤ ਕੁੱਲ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਦੌਰਾਨ ਸੁਖਚੈਨ ਸਿੰਘ ਨੂੰ ਵੀ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ। ਉਸਨੇ ਮੰਨਿਆ ਕਿ ਕਿਉਂਕਿ ਉਸ ਦਾ ਘਰ ਖੇਤਾਂ ਵਿੱਚ ਸੀ, ਉਹ ਡਰਾਈਵਰ ਨੂੰ ਘਰ ਬੁਲਾਉਂਦਾ ਸੀ ਅਤੇ ਜੁਗਾੜੂ ਪਾਈਪ ਦੀ ਮਦਦ ਨਾਲ ਟੈਂਕਰ ਵਿੱਚੋਂ ਚਾਰ ਤੋਂ ਪੰਜ ਸਿਲੰਡਰਾਂ ਦੀ ਗੈਸ ਕੱਢਦਾ ਸੀ। ਬਦਲੇ ਵਿੱਚ ਉਹ ਡਰਾਈਵਰ ਨੂੰ ਪ੍ਰਤੀ ਸਿਲੰਡਰ 1000 ਰੁਪਏ ਦਿੰਦਾ ਅਤੇ ਗਾਹਕਾਂ ਨੂੰ ਇਹ ਗੈਰ-ਕਾਨੂੰਨੀ ਸਿਲੰਡਰ 1200-1300 ਰੁਪਏ ਵਿੱਚ ਵੇਚਦਾ ਸੀ।
ਵੱਡੀ ਮਾਤਰਾ ਵਿੱਚ ਸਿਲੰਡਰ ਤੇ ਸਮੱਗਰੀ ਜ਼ਬਤ
ਪੁਲਿਸ ਨੇ ਸੁਖਚੈਨ ਸਿੰਘ ਦੇ ਘਰ ਦੇ ਪਸ਼ੂਆਂ ਦੇ ਸ਼ੈੱਡ ਵਿੱਚੋਂ 10 ਵਪਾਰਕ LPG ਸਿਲੰਡਰ ਅਤੇ ਇੱਕ ਜੁਗਾੜੂ ਪਾਈਪ ਬਰਾਮਦ ਕੀਤੇ। ਇਸ ਤੋਂ ਇਲਾਵਾ, ਅਵਤਾਰ ਸਿੰਘ, ਰਮੇਸ਼ ਅਤੇ ਰਾਜਕੁਮਾਰ ਦੇ ਗੋਦਾਮ (ਮੰਡਿਆਲਾ ਦੇ ਵਿਸ਼ਵਕਰਮਾ ਮੰਦਰ ਨੇੜੇ) ਵਿੱਚੋਂ 40 ਸਿਲੰਡਰ, 9 ਖਾਲੀ ਤੇਲ ਦੇ ਡਰੰਮ ਅਤੇ ਇੱਕ ਹੋਰ ਜੁਗਾੜੂ ਪਾਈਪ ਵੀ ਜ਼ਬਤ ਕੀਤੇ ਗਏ।
ਜਾਂਚ ਜਾਰੀ, ਹੋਰ ਗ੍ਰਿਫ਼ਤਾਰੀਆਂ ਸੰਭਵ
ਪੁਲਿਸ ਨੇ ਦੱਸਿਆ ਹੈ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਸੰਭਾਵਨਾ ਹੈ ਕਿ ਇਸ ਗੈਰ-ਕਾਨੂੰਨੀ ਗੈਸ ਚੋਰੀ ਰੈਕਟ ਵਿੱਚ ਹੋਰ ਲੋਕਾਂ ਦੀ ਭੂਮਿਕਾ ਵੀ ਸਾਹਮਣੇ ਆ ਸਕਦੀ ਹੈ।