ਖੰਨਾ :- ਖੰਨਾ ਦੇ ਕਰਤਾਰ ਨਗਰ ਇਲਾਕੇ ਵਿੱਚ ਇੱਕ ਐਸਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸ਼ਹਿਰ ਹੀ ਨਹੀਂ ਸਗੋਂ ਪੂਰੇ ਜ਼ਿਲ੍ਹੇ ਨੂੰ ਹਿਲਾ ਕੇ ਰੱਖ ਦਿੱਤਾ। ਇੱਥੇ ਇੱਕ ਪਾਦਰੀ ‘ਤੇ ਦੋਸ਼ ਲੱਗੇ ਹਨ ਕਿ ਉਸਨੇ ਨੌਜਵਾਨ ਲੜਕੀ ਨੂੰ ਪੂਜਾ-ਪਾਠ ਦੇ ਬਹਾਨੇ ਨਾਲ ਚਰਚ ਲੈ ਜਾ ਕੇ ਲਗਭਗ 21 ਦਿਨ ਤੱਕ ਬੰਦੀ ਬਣਾਕੇ ਰੱਖਿਆ।
ਪੂਜਾ ਲਈ ਲੈ ਗਿਆ, ਘਰ ਦੇ ਕਮਰੇ ‘ਚ ਕਰ ਦਿੱਤਾ ਕੈਦ
ਪੀੜਤਾ ਦੇ ਪਰਿਵਾਰ ਅਨੁਸਾਰ 7 ਜਨਵਰੀ ਨੂੰ ਪਾਦਰੀ ਰਮਨ ਕੁਮਾਰ ਲੜਕੀ ਨੂੰ ਚਰਚ ਲਿਜਾਣ ਦੀ ਗੱਲ ਕਹਿ ਕੇ ਆਪਣੇ ਨਾਲ ਲੈ ਗਿਆ। ਬਾਅਦ ਵਿੱਚ ਉਸਨੂੰ ਕਰਤਾਰ ਨਗਰ ਸਥਿਤ ਆਪਣੇ ਘਰ ਦੇ ਇੱਕ ਕਮਰੇ ਵਿੱਚ ਰੱਖਿਆ ਗਿਆ, ਜਿੱਥੇ ਬਾਹਰ ਜਾਣ ਜਾਂ ਕਿਸੇ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਲੁਧਿਆਣਾ ਲਿਜਾਣ ਦੇ ਦੋਸ਼, ਮਾਨਸਿਕ ਤਸ਼ੱਦਦ ਦੀ ਸ਼ਿਕਾਇਤ
ਪਰਿਵਾਰ ਦਾ ਕਹਿਣਾ ਹੈ ਕਿ ਦੌਰਾਨੀ ਕੈਦ ਲੜਕੀ ਨੂੰ ਕਈ ਵਾਰ ਲੁਧਿਆਣਾ ਵੀ ਲਿਜਾਇਆ ਗਿਆ, ਪਰ ਹਰ ਥਾਂ ਉਸਨੂੰ ਇਕੱਲਾ ਰੱਖਿਆ ਗਿਆ। ਉਸ ‘ਤੇ ਲਗਾਤਾਰ ਮਾਨਸਿਕ ਦਬਾਅ ਬਣਾਇਆ ਗਿਆ ਅਤੇ ਡਰ ਦੇ ਮਾਹੌਲ ‘ਚ ਜੀਣ ਲਈ ਮਜਬੂਰ ਕੀਤਾ ਗਿਆ।
ਪੁਲਿਸ ਨੂੰ ਸ਼ਿਕਾਇਤ ਦੇ ਬਾਵਜੂਦ ਨਹੀਂ ਹੋਈ ਸੁਣਵਾਈ
ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਨੇ 9 ਜਨਵਰੀ ਨੂੰ ਥਾਣਾ ਸਿਟੀ-2 ਖੰਨਾ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਸੀ। ਪਰ ਦੋਸ਼ ਹੈ ਕਿ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਸ ਕਾਰਨ ਲੜਕੀ ਲਗਭਗ ਤਿੰਨ ਹਫ਼ਤੇ ਤੱਕ ਕੈਦ ਵਿੱਚ ਰਹੀ।
ਮਾਂ ਨਾਲ ਦੋ ਮਿੰਟ ਦੀ ਮੁਲਾਕਾਤ ਨੇ ਖੋਲ੍ਹੀ ਪੂਰੀ ਸੱਚਾਈ
ਇਸ ਮਾਮਲੇ ਦਾ ਪਰਦਾਫਾਸ਼ ਉਸ ਵੇਲੇ ਹੋਇਆ, ਜਦੋਂ ਪੀੜਤਾ ਦੀ ਮਾਂ ਨੂੰ ਸਵੇਰੇ ਸਿਰਫ਼ ਦੋ ਮਿੰਟ ਲਈ ਧੀ ਨਾਲ ਮਿਲਣ ਦੀ ਇਜਾਜ਼ਤ ਮਿਲੀ। ਇਨ੍ਹਾਂ ਕੁਝ ਪਲਾਂ ਦੌਰਾਨ ਲੜਕੀ ਨੇ ਇਸ਼ਾਰਿਆਂ ਰਾਹੀਂ ਆਪਣੀ ਮਾਂ ਨੂੰ ਕੈਦ ਹੋਣ ਦੀ ਹਕੀਕਤ ਦੱਸ ਦਿੱਤੀ, ਜਿਸ ਨਾਲ ਪਰਿਵਾਰ ਨੂੰ ਖ਼ਤਰੇ ਦਾ ਪੂਰਾ ਅਹਿਸਾਸ ਹੋ ਗਿਆ।
ਨਿਹੰਗ ਸਿੰਘਾਂ ਦੀ ਮਦਦ ਨਾਲ ਕਰਵਾਈ ਗਈ ਰਿਹਾਈ
ਪੁਲਿਸ ਤੋਂ ਨਿਰਾਸ਼ ਹੋ ਕੇ ਪਰਿਵਾਰ ਨੇ ਨਿਹੰਗ ਸਿੰਘਾਂ ਨਾਲ ਸੰਪਰਕ ਕੀਤਾ। ਜੱਥੇਦਾਰ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਜੱਥਾ ਕਰਤਾਰ ਨਗਰ ਪਹੁੰਚਿਆ ਅਤੇ ਹਾਲਾਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਲੜਕੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਹਾਲਾਤ ਵਿਗੜਦੇ ਹੀ ਪੁਲਿਸ ਨੇ ਲਿਆ ਕਬਜ਼ੇ ‘ਚ
ਨਿਹੰਗ ਸਿੰਘਾਂ ਵੱਲੋਂ ਲੜਕੀ ਨੂੰ ਬਾਹਰ ਕੱਢਣ ਤੋਂ ਬਾਅਦ ਇਲਾਕੇ ‘ਚ ਤਣਾਅ ਵਾਲੀ ਸਥਿਤੀ ਬਣ ਗਈ, ਜਿਸ ਉਪਰੰਤ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਸ਼ੀ ਪਾਦਰੀ ਰਮਨ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ।
ਪਰਿਵਾਰ ਦਾ ਦਰਦਨਾਕ ਬਿਆਨ
ਪੀੜਤਾ ਦੇ ਪਿਤਾ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਜੇ ਸਮੇਂ ‘ਤੇ ਨਿਹੰਗ ਸਿੰਘ ਮਦਦ ਲਈ ਅੱਗੇ ਨਾ ਆਉਂਦੇ, ਤਾਂ ਸ਼ਾਇਦ ਅੱਜ ਵੀ ਉਨ੍ਹਾਂ ਦੀ ਧੀ ਕੈਦ ‘ਚ ਹੁੰਦੀ।
ਪੁਲਿਸ ਨੇ ਮਾਮਲਾ ਦਰਜ ਹੋਣ ਦੀ ਕੀਤੀ ਪੁਸ਼ਟੀ
ਖੰਨਾ ਪੁਲਿਸ ਦੇ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਪਾਦਰੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਬੂਤਾਂ ਦੇ ਆਧਾਰ ‘ਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਘਟਨਾ ਨਾ ਸਿਰਫ਼ ਇੱਕ ਨੌਜਵਾਨ ਲੜਕੀ ਦੀ ਜ਼ਿੰਦਗੀ ਨਾਲ ਜੁੜਿਆ ਗੰਭੀਰ ਅਪਰਾਧ ਹੈ, ਸਗੋਂ ਇਹ ਸਵਾਲ ਵੀ ਖੜ੍ਹਾ ਕਰਦੀ ਹੈ ਕਿ ਸ਼ਿਕਾਇਤ ਮਿਲਣ ਦੇ ਬਾਵਜੂਦ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਹੋਈ। ਫਿਲਹਾਲ ਪੀੜਤਾ ਸੁਰੱਖਿਅਤ ਹੈ ਅਤੇ ਜਾਂਚ ਜਾਰੀ ਹੈ।

