ਮੋਗਾ :- ਮੋਗਾ ਜ਼ਿਲ੍ਹੇ ਦੇ ਮਾਣੂਕੇ ਅਤੇ ਰਾਉਕੇ ਦਰਮਿਆਨ ਸੜਕ ’ਤੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਵਾਪਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਦੀ ਰਫ਼ਤਾਰ ਕਾਫ਼ੀ ਤੇਜ਼ ਦੱਸੀ ਜਾ ਰਹੀ ਹੈ।
ਅੱਧਾ ਕਿਲੋਮੀਟਰ ਤੱਕ ਘਸੀਟਿਆ ਮੋਟਰਸਾਈਕਲ, ਕਾਰ ਸਵਾਰ ਫਰਾਰ
ਚਸ਼ਮਦੀਦਾਂ ਅਨੁਸਾਰ ਟੱਕਰ ਮਾਰਨ ਤੋਂ ਬਾਅਦ ਕਾਰ ਮੋਟਰਸਾਈਕਲ ਨੂੰ ਲਗਭਗ ਅੱਧਾ ਕਿਲੋਮੀਟਰ ਤੱਕ ਘਸੀਟਦੀ ਰਹੀ। ਹਾਦਸੇ ਮਗਰੋਂ ਕਾਰ ਵਿੱਚ ਸਵਾਰ ਲੋਕ ਵਾਹਨ ਮੌਕੇ ’ਤੇ ਛੱਡ ਕੇ ਭੱਜ ਗਏ।
ਮ੍ਰਿਤਕ ਦੀ ਪਛਾਣ, ਪੁਲਿਸ ਵੱਲੋਂ ਜਾਂਚ ਸ਼ੁਰੂ
ਮ੍ਰਿਤਕ ਦੀ ਪਛਾਣ ਰਾਉਕੇ ਪਿੰਡ ਦੇ ਰਹਿਣ ਵਾਲੇ 50 ਸਾਲਾ ਆਤਮਾ ਸਿੰਘ ਵਜੋਂ ਹੋਈ ਹੈ, ਜੋ ਬਾਘਾਪੁਰਾਣਾ ਤੋਂ ਕੰਮ ਮੁਕਾ ਕੇ ਘਰ ਵਾਪਸ ਆ ਰਹੇ ਸਨ। ਥਾਣਾ ਬਰਹਾਨੀ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਫਰਾਰ ਕਾਰ ਚਾਲਕ ਦੀ ਭਾਲ ਜਾਰੀ ਹੈ।

