ਮੱਲਾਵਾਲਾ :- ਫਿਰੋਜ਼ਪੁਰ ਦੇ ਮੱਲਾਵਾਲਾ ਕਸਬੇ ‘ਚ ਰੱਖੜੀ ਤੋਂ ਠੀਕ ਪਹਿਲਾਂ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ‘ਚ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਵਿੱਚ ਇਕ ਭੈਣ-ਭਰਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ 28 ਸਾਲਾ ਗੁਰਵਿੰਦਰ ਸਿੰਘ ਆਪਣੀ ਭੈਣ 22 ਸਾਲਾ ਰਾਜਵੀਰ ਕੌਰ ਦੇ ਨਾਲ ਮਾਂ ਦੀ ਖੇਰ-ਖ਼ਬਰ ਲੈਣ ਬਾਅਦ ਵਾਪਸ ਪਿੰਡ ਆ ਰਹੇ ਸਨ। ਦੋਵੇਂ ਬਠਿੰਡਾ ਦੇ ਹਸਪਤਾਲ ਤੋਂ ਘਰ ਵਾਪਸੀ ਦੌਰਾਨ ਰਸਤੇ ਵਿੱਚ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰੀ।
ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ। ਪਰਿਵਾਰ ’ਚ ਸੋਗ ਦਾ ਮਾਹੌਲ ਸ਼ਾ ਗਿਆ। ਮ੍ਰਿਤਕ ਲੜਕਾ ਆਪਣੇ ਮਾਤਾ-ਪਿਤਾ ਦੀ ਇਕਲੌਤੀ ਉਲਾਦ ਸੀ, ਜਦਕਿ ਲੜਕੀ ਵੀ ਦੋ ਭੈਣਾਂ ਵਿੱਚੋਂ ਇੱਕ ਸੀ। ਪਰਿਵਾਰ ਨੇ ਦੱਸਿਆ ਕਿ ਦੋਵੇਂ ਘਰ ਹੁਣ ਲਗਭਗ ਸੁੰਨ ਹੋ ਗਏ ਹਨ। ਲੜਕੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਮੌਕੇ ‘ਤੇ ਪਹੁੰਚੇ ਥਾਣਾ ਮੁਖੀ ਅਤੇ ਪਰਿਵਾਰ ਵਿਚਕਾਰ ਤਣਾਅ ਦਾ ਮਾਹੌਲ ਬਣ ਗਿਆ, ਜਦ ਪਰਿਵਾਰ ਨੇ ਦਾਅਵਾ ਕੀਤਾ ਕਿ ਕਾਰ ਚਾਲਕ ਨਸ਼ਾ ਤਸਕਰ ਹੈ। ਇਸ ਦੌਰਾਨ ਕਾਫੀ ਬਹਿਸ ਹੋਈ ਅਤੇ ਥਾਣਾ ਮੁਖੀ ਨੂੰ ਪਰਿਵਾਰ ਨੂੰ ਵਿਸ਼ਵਾਸ ਦਿਵਾਉਣ ਲਈ ਸਹੁੰ ਖਾਣੀ ਪਈ। ਐਸ.ਆਈ ਕਰਨੈਲ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਹੋ ਚੁੱਕੀ ਹੈ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।