ਚੰਡੀਗੜ੍ਹ :- ਪੰਜਾਬ ਸਰਕਾਰ ਨੇ ਬੱਚਿਆਂ ਦੀ ਬੁਨਿਆਦੀ ਸਿੱਖਿਆ ਨੂੰ ਨਵੇਂ ਦੌਰ ਨਾਲ ਜੋੜਦਿਆਂ ਵੱਡਾ ਕਦਮ ਚੁੱਕਿਆ ਹੈ। ਸੂਬੇ ਵਿੱਚ ਹੁਣ ਆਂਗਣਵਾੜੀ ਕੇਂਦਰਾਂ, ਸਰਕਾਰੀ ਪ੍ਰਾਇਮਰੀ ਸਕੂਲਾਂ ਅਤੇ ਨਿੱਜੀ ਪਲੇਅਵੇਅ ਸਕੂਲਾਂ ਵਿੱਚ ਇੱਕੋ ਜਿਹਾ ਸਿੱਖਿਆ ਮਾਡਲ ਲਾਗੂ ਕੀਤਾ ਜਾਵੇਗਾ। ਇਸ ਤਹਿਤ ਛੋਟੇ ਬੱਚਿਆਂ ਨੂੰ ਰਵਾਇਤੀ ਕਿਤਾਬੀ ਪੜ੍ਹਾਈ ਦੀ ਥਾਂ ਖੇਡਾਂ, ਗੀਤਾਂ ਅਤੇ ਰਚਨਾਤਮਕ ਸਰਗਰਮੀਆਂ ਰਾਹੀਂ ਸਿੱਖਿਆ ਦਿੱਤੀ ਜਾਵੇਗੀ।
ਪਲੇਅਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ
ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਸੂਬੇ ਅੰਦਰ ਚੱਲ ਰਹੇ ਸਾਰੇ ਪਲੇਅਵੇਅ ਸਕੂਲਾਂ ਨੂੰ ਰਜਿਸਟਰ ਕਰਵਾਉਣਾ ਜ਼ਰੂਰੀ ਹੋਵੇਗਾ, ਤਾਂ ਜੋ ਬੱਚਿਆਂ ਦੀ ਸਿੱਖਿਆ ਦੀ ਗੁਣਵੱਤਾ ’ਤੇ ਨਿਗਰਾਨੀ ਬਣੀ ਰਹੇ। ਇਸ ਪ੍ਰਕਿਰਿਆ ਨੂੰ ਹੋਰ ਆਸਾਨ ਬਣਾਉਣ ਲਈ ਹੁਣ ਆਨਲਾਈਨ ਰਜਿਸਟ੍ਰੇਸ਼ਨ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ।
ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਦੌਰਾਨ ਐਲਾਨ
ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਸਿਸਟਮ ਤਹਿਤ ਬੱਚਿਆਂ ਤੋਂ ਨਾ ਤਾਂ ਭਾਰੀ ਬੈਗ ਚੁਕਵਾਏ ਜਾਣਗੇ ਅਤੇ ਨਾ ਹੀ ਉਨ੍ਹਾਂ ’ਤੇ ਪਾਠਕ੍ਰਮ ਦਾ ਦਬਾਅ ਪਾਇਆ ਜਾਵੇਗਾ।
ਪੰਜ ਸਾਲ ਤੱਕ ਦਿਮਾਗੀ ਵਿਕਾਸ ਸਭ ਤੋਂ ਅਹਿਮ ਦੌਰ
ਕੈਬਨਿਟ ਮੰਤਰੀ ਨੇ ਕਿਹਾ ਕਿ ਮਾਹਿਰਾਂ ਦੇ ਅਨੁਸਾਰ ਬੱਚੇ ਦੇ ਦਿਮਾਗ ਦਾ ਲਗਭਗ 90 ਫੀਸਦੀ ਵਿਕਾਸ ਪੰਜ ਸਾਲ ਦੀ ਉਮਰ ਤੱਕ ਹੋ ਜਾਂਦਾ ਹੈ। ਇਸ ਲਈ ਇਸ ਅਹਿਮ ਦੌਰ ਵਿੱਚ ਬੱਚਿਆਂ ਨੂੰ ਸਕਾਰਾਤਮਕ, ਖੁਸ਼ਗਵਾਰ ਅਤੇ ਸਿੱਖਣ ਲਈ ਉਤਸ਼ਾਹਿਤ ਕਰਨ ਵਾਲਾ ਮਾਹੌਲ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ।
ਬੱਚਾ-ਮਿੱਤਰ ਤੇ ਵਿਗਿਆਨਕ ਸਿਲੇਬਸ ਤਿਆਰ
ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਇੱਕ ਵਿਗਿਆਨਕ, ਆਧੁਨਿਕ ਅਤੇ ਬੱਚਾ-ਮਿੱਤਰ ਸਿਲੇਬਸ ਤਿਆਰ ਕੀਤਾ ਜਾ ਰਿਹਾ ਹੈ। ਇਸ ਸਿਲੇਬਸ ਨੂੰ ਲਾਗੂ ਕਰਨ ਲਈ ਆਂਗਣਵਾੜੀ ਵਰਕਰਾਂ ਅਤੇ ਸਟਾਫ਼ ਦੀ ਵਿਸ਼ੇਸ਼ ਟ੍ਰੇਨਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜੋ ਫਰਵਰੀ ਮਹੀਨੇ ਤੱਕ ਮੁਕੰਮਲ ਕਰ ਲਈ ਜਾਵੇਗੀ।
‘ਮਿਸ਼ਨ ਆਰੰਭ’ ਰਾਹੀਂ ਮਾਪਿਆਂ ਨੂੰ ਵੀ ਜੋੜਿਆ
ਸਰਕਾਰ ਵੱਲੋਂ ‘ਮਿਸ਼ਨ ਆਰੰਭ’ ਦੀ ਸ਼ੁਰੂਆਤ ਵੀ ਕੀਤੀ ਗਈ ਹੈ, ਜਿਸ ਤਹਿਤ ਆਂਗਣਵਾੜੀ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਫ਼ੋਨ ਕਾਲਾਂ ਰਾਹੀਂ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ। ਮਾਪਿਆਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਉਹ ਘਰ ਵਿੱਚ ਬੱਚਿਆਂ ਦੀ ਸਿੱਖਿਆ ਅਤੇ ਵਿਕਾਸ ਵਿੱਚ ਕਿਵੇਂ ਸਹਿਯੋਗ ਦੇ ਸਕਦੇ ਹਨ। ਇਸ ਯੋਜਨਾ ਤੋਂ ਹੁਣ ਤੱਕ ਹੌਂਸਲਾ ਅਫਜ਼ਾਈ ਵਾਲੇ ਨਤੀਜੇ ਮਿਲ ਰਹੇ ਹਨ।
ਸੂਬੇ ਭਰ ਵਿੱਚ ਬਣ ਰਹੇ 1,000 ਨਵੇਂ ਆਂਗਣਵਾੜੀ ਕੇਂਦਰ
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ 1,000 ਨਵੇਂ ਆਂਗਣਵਾੜੀ ਕੇਂਦਰ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਲਗਭਗ 700 ਕੇਂਦਰ ਪਹਿਲਾਂ ਹੀ ਬਣ ਕੇ ਤਿਆਰ ਹੋ ਚੁੱਕੇ ਹਨ। ਇਨ੍ਹਾਂ ਕੇਂਦਰਾਂ ਵਿੱਚ ਹਵਾ-ਦਾਰ ਕਮਰੇ, ਸਾਫ਼ ਸੈਨਿਟੇਸ਼ਨ ਸਹੂਲਤਾਂ, ਰਸੋਈਆਂ, ਬੱਚਾ-ਮਿੱਤਰ ਫਰਨੀਚਰ ਅਤੇ ਰੰਗੀਨ ਵਾਲ ਪੇਂਟਿੰਗਾਂ ਨਾਲ ਸਜਿਆ ਸਿੱਖਿਆਤਮਕ ਮਾਹੌਲ ਤਿਆਰ ਕੀਤਾ ਗਿਆ ਹੈ।
ਬੱਚਿਆਂ ਲਈ ਖੁਸ਼ਗਵਾਰ ਸਿੱਖਿਆ ਮਾਹੌਲ ਬਣਾਉਣਾ ਟੀਚਾ
ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਇਹ ਹੈ ਕਿ ਬੱਚੇ ਸਕੂਲ ਨੂੰ ਡਰ ਨਹੀਂ, ਸਗੋਂ ਖੁਸ਼ੀ ਨਾਲ ਆਉਣ ਅਤੇ ਖੇਡ-ਖੇਡ ਵਿੱਚ ਸਿੱਖਦੇ ਹੋਏ ਆਪਣੀ ਬੁਨਿਆਦ ਮਜ਼ਬੂਤ ਕਰ ਸਕਣ।

