ਚੰਡੀਗੜ੍ਹ :- ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਕਾਰਨ ਪੰਜਾਬ ਵਿੱਚ ਮੀਂਹ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਨੇ ਅੱਜ 13 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਕਈ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੇ ਨਾਲ ਬਿਜਲੀ ਚਮਕਣ ਅਤੇ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ।
ਆਰੇਂਜ ਅਲਰਟ ਵਾਲੇ ਜ਼ਿਲ੍ਹੇ
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ ਅਤੇ ਮਲੇਰਕੋਟਲਾ ਵਿੱਚ ਅੱਜ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਹਵਾ ਚੱਲਣ ਅਤੇ ਬਿਜਲੀ ਚਮਕਣ ਤੇ ਗਰਜਣ ਦੀ ਸੰਭਾਵਨਾ ਹੈ।
ਯੈਲੋ ਅਲਰਟ ਵਾਲੇ ਜ਼ਿਲ੍ਹੇ
ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਬਰਨਾਲਾ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਵੀ ਤੇਜ਼ ਬਾਰਿਸ਼, ਬਿਜਲੀ ਚਮਕਣ ਅਤੇ ਹਵਾ ਦੇ ਤੀਬਰ ਝਟਕੇ ਆਉਣ ਦੀ ਸੰਭਾਵਨਾ ਹੈ।
ਡੈਮਾਂ ਤੋਂ ਵੱਡੇ ਪੱਧਰ ‘ਤੇ ਪਾਣੀ ਛੱਡਿਆ ਗਿਆ
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਡੈਮਾਂ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਦਬਾਅ ਘਟਾਉਣ ਲਈ ਡੈਮ ਪ੍ਰਸ਼ਾਸਨ ਵੱਲੋਂ ਦਰਿਆਵਾਂ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ।
- ਪੌਂਗ ਡੈਮ: 39,368 ਕਿਊਸਕ ਪਾਣੀ ਛੱਡਿਆ ਗਿਆ
- ਭਾਖੜਾ ਡੈਮ: 40,964 ਕਿਊਸਕ ਪਾਣੀ ਛੱਡਿਆ ਗਿਆ
- ਰਣਜੀਤ ਸਾਗਰ ਡੈਮ: 33,734 ਕਿਊਸਕ ਪਾਣੀ ਛੱਡਿਆ ਗਿਆ
ਇਸ ਨਾਲ ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਦਾ ਪਾਣੀ ਪੱਧਰ ਤੇਜ਼ੀ ਨਾਲ ਵਧਿਆ ਹੈ, ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਵਧਣ ਲੱਗ ਪਿਆ ਹੈ।
ਪਹਾੜੀ ਇਲਾਕਿਆਂ ਵਿੱਚ ਵੱਧ ਬਾਰਿਸ਼ ਨਾਲ ਹੜ੍ਹ ਦਾ ਖਤਰਾ
ਹਿਮਾਚਲ ਪ੍ਰਦੇਸ਼ ਅਤੇ ਹੋਰ ਪਹਾੜੀ ਰਾਜਾਂ ਵਿੱਚ ਆਮ ਨਾਲੋਂ ਵੱਧ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ। ਇਸ ਨਾਲ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦੀ ਆਵਾਜਾਈ ਵਧ ਗਈ ਹੈ, ਜੋ ਸੂਬੇ ਦੇ ਹੜ੍ਹ-ਪ੍ਰਭਾਵਿਤ ਇਲਾਕਿਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਪ੍ਰਸ਼ਾਸਨ ਵੱਲੋਂ ਚੇਤਾਵਨੀ
ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆਵਾਂ ਅਤੇ ਨਹਿਰਾਂ ਦੇ ਨੇੜੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ ਅਤੇ ਕਿਸਾਨਾਂ ਨੂੰ ਵੀ ਆਪਣੀ ਖੜ੍ਹੀ ਫ਼ਸਲ ਤੇ ਸਟਾਕ ਨੂੰ ਸੁਰੱਖਿਅਤ ਥਾਵਾਂ ਤੇ ਰੱਖਣ ਲਈ ਕਿਹਾ ਗਿਆ ਹੈ। ਹੜ੍ਹ ਪ੍ਰਬੰਧਨ ਟੀਮਾਂ ਨੂੰ ਸਚੇਤ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।