ਚੰਡੀਗੜ੍ਹ :- ਪੰਜਾਬ ਵਿੱਚ ਹੜ੍ਹਾਂ ਦੇ ਖਤਰੇ ਵਿਚਕਾਰ ਮੌਸਮ ਵਿਭਾਗ ਨੇ ਨਵਾਂ ਅਲਰਟ ਜਾਰੀ ਕੀਤਾ ਹੈ। ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ‘ਚ ਓਰੇਂਜ ਅਲਰਟ, ਜਦਕਿ ਗੁਰਦਾਸਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਵਿੱਚ ਯੈਲੋ ਅਲਰਟ ਲਗਾਇਆ ਗਿਆ ਹੈ। ਇਹ ਅਲਰਟ 1 ਸਤੰਬਰ ਤੱਕ ਜਾਰੀ ਰਹੇਗਾ।
ਦਰਮਿਆਨੀ ਮੀਂਹ ਨਾਲ ਬਿਜਲੀ ਤੇ ਤੇਜ਼ ਹਵਾਵਾਂ ਦੇ ਆਸਾਰ
ਤਾਜ਼ਾ ਮੌਸਮੀ ਅਨੁਮਾਨ ਮੁਤਾਬਕ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ‘ਚ ਦਰਮਿਆਨੀ ਮੀਂਹ ਨਾਲ 30–40 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਵਾਲੀਆਂ ਹਵਾਵਾਂ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ।
48 ਘੰਟੇ ਰਹਿਣਗੇ ਮਹੱਤਵਪੂਰਣ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਅਗਲੇ 48 ਘੰਟੇ ਪੰਜਾਬ ਲਈ ਖ਼ਤਰਨਾਕ ਮੰਨੇ ਜਾ ਰਹੇ ਹਨ। 31 ਅਗਸਤ ਅਤੇ 1 ਸਤੰਬਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਿੱਚ ਭਾਰੀ ਮੀਂਹ ਦਾ ਯੈਲੋ ਅਲਰਟ ਰਹੇਗਾ। ਹਾਲਾਂਕਿ 2 ਸਤੰਬਰ ਲਈ ਫਿਲਹਾਲ ਕੋਈ ਚੇਤਾਵਨੀ ਨਹੀਂ ਹੈ।
ਹਿਮਾਚਲ ਤੇ ਜੰਮੂ-ਕਸ਼ਮੀਰ ਵਿੱਚ ਵੀ ਅਲਰਟ, ਪੰਜਾਬ ਦੇ ਡੈਮਾਂ ‘ਤੇ ਪਵੇਗਾ ਅਸਰ
ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਹੈ। ਇਸ ਦਾ ਸਿੱਧਾ ਪ੍ਰਭਾਵ ਪੰਜਾਬ ਦੇ ਡੈਮਾਂ ਅਤੇ ਨਹਿਰਾਂ ਵਿੱਚ ਪਾਣੀ ਦੇ ਪੱਧਰ ‘ਤੇ ਵੇਖਣ ਨੂੰ ਮਿਲ ਸਕਦਾ ਹੈ। ਜੇ ਹੋਰ ਪਾਣੀ ਛੱਡਿਆ ਗਿਆ ਤਾਂ ਦਰਿਆਵਾਂ ਵਿੱਚ ਵਗਣ ਵਾਲਾ ਪਾਣੀ ਹੜ੍ਹਾਂ ਦਾ ਰੂਪ ਲੈ ਸਕਦਾ ਹੈ।
ਤਾਪਮਾਨ ਵਿੱਚ ਗਿਰਾਵਟ ਤੇ ਨਵੀਆਂ ਪ੍ਰਭਾਵਿਤ ਜ਼ਿਲ੍ਹਿਆਂ ਦੀ ਲਿਸਟ
ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਕਾਰਨ ਤਾਪਮਾਨ 2.1 ਡਿਗਰੀ ਘੱਟਿਆ ਹੈ। ਹੁਣ ਸੂਬੇ ਦਾ ਤਾਪਮਾਨ ਆਮ ਨਾਲੋਂ 2.2 ਡਿਗਰੀ ਘੱਟ ਦਰਜ ਹੋ ਰਿਹਾ ਹੈ। ਪਠਾਨਕੋਟ, ਗੁਰਦਾਸਪੁਰ, ਮਾਨਸਾ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ, ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੇ ਹੁਸ਼ਿਆਰਪੁਰ ਤੋਂ ਬਾਅਦ ਹੁਣ ਪਟਿਆਲਾ ਵਿੱਚ ਵੀ ਹੜ੍ਹ ਦਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ।