ਅੰਮ੍ਰਿਤਸਰ :- ਸੋਮਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਰੂਪਨਗਰ ਅਤੇ ਮੋਹਾਲੀ ਦੇ ਨੀਵੇਂ ਇਲਾਕਿਆਂ ‘ਚ ਪਾਣੀ ਖੜ੍ਹ ਗਿਆ। ਰੋਪੜ ਦੇ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਗੰਭੀਰਪੁਰ ‘ਚ ਅੱਧੀ ਰਾਤ ਨੂੰ ਗੜ੍ਹੇ ਵੀ ਪਏ, ਜਿਸ ਨਾਲ ਲੋਕ ਡਰ ਗਏ।
13 ਜ਼ਿਲ੍ਹਿਆਂ ਲਈ ਚਿਤਾਵਨੀ
ਮੌਸਮ ਵਿਭਾਗ ਨੇ 13 ਜ਼ਿਲ੍ਹਿਆਂ — ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਸੰਗਰੂਰ — ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।
ਚੰਡੀਗੜ੍ਹ ਵਿੱਚ ਦਰੱਖਤ ਡਿੱਗਿਆ, ਟ੍ਰੈਫਿਕ ਜਾਮ
ਸਵੇਰ ਤੋਂ ਹੀ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਜਾਰੀ ਰਹੀ। ਸੈਕਟਰ 11/15 ਅੰਡਰਪਾਸ ਦੇ ਨੇੜੇ ਇੱਕ ਦਰੱਖਤ ਡਿੱਗ ਗਿਆ, ਜਿਸ ਕਾਰਨ ਟ੍ਰੈਫਿਕ ਪ੍ਰਭਾਵਿਤ ਹੋਈ ਅਤੇ ਟ੍ਰਾਈਸਿਟੀ ਦੇ ਕਈ ਰਸਤੇ ਜਾਮ ਨਾਲ ਜੂਝਦੇ ਰਹੇ।
ਕਿਸਾਨਾਂ ਦੀ ਚਿੰਤਾ ਵਧੀ
ਮੌਸਮ ਵਿਭਾਗ ਨੇ 6 ਅਤੇ 7 ਅਕਤੂਬਰ ਨੂੰ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼, ਝਖੜ ਅਤੇ ਗੜ੍ਹੇਮਾਰੀ ਦੇ ਸੰਕੇਤ ਦਿੱਤੇ ਹਨ। ਇਸ ਕਾਰਨ ਮੰਡੀਆਂ ਵਿੱਚ ਝੋਨਾ ਲੈ ਕੇ ਜਾਣ ਵਾਲੇ ਕਿਸਾਨ ਚਿੰਤਿਤ ਹਨ। ਕਈ ਕਿਸਾਨਾਂ ਨੇ ਫਸਲ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਝੋਨਾ ਅਗੇਤਾ ਹੀ ਵੱਢਣਾ ਸ਼ੁਰੂ ਕਰ ਦਿੱਤਾ ਹੈ।
ਫਸਲ ਦੇ ਨੁਕਸਾਨ ਦੀ ਦਹਿਸ਼ਤ
ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਬਾਰਿਸ਼ ਕਾਰਨ ਉਨ੍ਹਾਂ ਦੀ ਫਸਲ ਨੂੰ ਕਾਫ਼ੀ ਨੁਕਸਾਨ ਹੋ ਚੁੱਕਾ ਹੈ। ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ਸਹੀ ਹੋਈ ਤਾਂ ਹਾਲਤ ਹੋਰ ਖਰਾਬ ਹੋ ਸਕਦੀ ਹੈ। ਬਾਰਿਸ਼ ਤੋਂ ਬਾਅਦ ਖੇਤਾਂ ਵਿੱਚ ਕੰਬਾਈਨ ਚਲਾਉਣਾ ਮੁਸ਼ਕਲ ਹੋਵੇਗਾ ਅਤੇ ਡਿੱਗੇ ਝੋਨੇ ਨਾਲ ਨੁਕਸਾਨ ਵਧ ਜਾਵੇਗਾ।
ਮੰਡੀਆਂ ਵਿੱਚ ਖਰੀਦ ਨਾ ਹੋਣ ਕਾਰਨ ਮੁਸ਼ਕਲ
ਕਿਸਾਨਾਂ ਨੇ ਦੱਸਿਆ ਕਿ ਵੱਡੀਆਂ ਮੰਡੀਆਂ ਤੋਂ ਇਲਾਵਾ ਪਿੰਡਾਂ ਦੀਆਂ ਮੰਡੀਆਂ ਵਿੱਚ ਅਜੇ ਖਰੀਦ ਸ਼ੁਰੂ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਨੂੰ ਝੋਨਾ ਵੇਚਣ ਲਈ ਇੱਧਰ-ਉੱਧਰ ਭਟਕਣਾ ਪੈ ਰਿਹਾ ਹੈ।