ਨਾਭਾ :- ਨਾਭਾ ਦੇ ਪਿੰਡ ਬਾਬਰਪੁਰ ਵਿੱਚ ਡਿਊਟੀ ਨਿਭਾ ਰਹੇ ਇੱਕ ਬਿਜਲੀ ਕਰਮਚਾਰੀ ਨਾਲ ਵੱਡਾ ਹਾਦਸਾ ਵਾਪਰ ਗਿਆ। ਟਰਾਂਸਫਾਰਮਰ ਉੱਤੇ ਮੁਰੰਮਤ ਦੌਰਾਨ ਕਰੰਟ ਲੱਗਣ ਕਾਰਨ ਬਿਜਲੀ ਮੁਲਾਜ਼ਮ ਸੰਜੀਵ ਕੁਮਾਰ ਦੀ ਮੌਤ ਹੋ ਗਈ। ਇਹ ਘਟਨਾ ਇੰਨੀ ਦਰਦਨਾਕ ਸੀ ਕਿ ਜਿਵੇਂ ਹੀ ਉਸ ਦੀ ਮੌਤ ਦੀ ਸੂਚਨਾ ਘਰ ਪਹੁੰਚੀ, ਉਸ ਦੀ ਮਾਂ ਸ਼ਿਮਲੋ ਰਾਣੀ (ਸਿਮਲੋ ਦੇਵੀ) ਨੇ ਵੀ ਪੁੱਤ ਦੇ ਸਦਮੇ ਨੂੰ ਸਹਿ ਨਾ ਸਕਦੇ ਹੋਏ ਦਮ ਤੋੜ ਦਿੱਤਾ।
ਬਿਨਾਂ ਪਰਮਿਟ ਕੰਮ ਕਰਵਾਉਣ ਦੇ ਗੰਭੀਰ ਇਲਜ਼ਾਮ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਗਏ ਦੋਸ਼ਾਂ ਮੁਤਾਬਕ, ਸੰਬੰਧਿਤ ਜੂਨੀਅਰ ਇੰਜੀਨੀਅਰ ਹਰਪ੍ਰੀਤ ਸਿੰਘ ਨੇ ਬਿਨਾਂ ਲਾਜ਼ਮੀ ਪਰਮਿਟ ਲਏ ਹੀ ਸੰਜੀਵ ਕੁਮਾਰ ਨੂੰ ਟਰਾਂਸਫਾਰਮਰ ਉੱਤੇ ਚੜ੍ਹਨ ਲਈ ਕਿਹਾ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਟਰਾਂਸਫਾਰਮਰ ਵਿੱਚ ਬਿਜਲੀ ਦੀ ਸਪਲਾਈ ਚਾਲੂ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਪਰਿਵਾਰ ’ਚ ਛਾਇਆ ਮਾਤਮ, ਦੋਹਰਾ ਸਦਮਾ
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਸੰਜੀਵ ਕੁਮਾਰ ਰੁਟੀਨ ਅਨੁਸਾਰ ਬਿਜਲੀ ਦੀ ਖ਼ਰਾਬੀ ਠੀਕ ਕਰਨ ਗਿਆ ਸੀ। ਅਚਾਨਕ ਕਰੰਟ ਲੱਗਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਰ ’ਚ ਜਦੋਂ ਇਹ ਖ਼ਬਰ ਪੁੱਜੀ ਤਾਂ ਮਾਂ ਆਪਣੇ ਪੁੱਤ ਦੀ ਮੌਤ ਦਾ ਸਦਮਾ ਬਰਦਾਸ਼ਤ ਨਾ ਕਰ ਸਕੀ। ਇੱਕ ਹੀ ਘਰ ਵਿੱਚ ਦੋ ਮੌਤਾਂ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ
ਥਾਣਾ ਸਦਰ ਅਧੀਨ ਚੌਂਕੀ ਦੰਦਰਾਲਾ ਢੀਂਡਸਾ ਦੀ ਪੁਲਿਸ ਨੇ ਪਰਿਵਾਰਕ ਬਿਆਨਾਂ ਦੇ ਆਧਾਰ ’ਤੇ ਜੇਈ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਦਰਦਨਾਕ ਘਟਨਾ ਨੇ ਨਾ ਸਿਰਫ਼ ਇੱਕ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ, ਸਗੋਂ ਕੰਮਕਾਜ ਦੌਰਾਨ ਸੁਰੱਖਿਆ ਨਿਯਮਾਂ ਦੀ ਅਣਦੇਖੀ ’ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

