ਚੰਡੀਗੜ੍ਹ :- ਪੰਜਾਬ ਦੇ ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਅਚਾਨਕ ਮੌਤ ਨੇ ਸੂਬੇ ਭਰ ‘ਚ ਗਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਕਈ ਸਵਾਲ ਉੱਠ ਰਹੇ ਹਨ ਅਤੇ ਲੋਕਾਂ ਵਿਚ ਚਰਚਾ ਹੈ ਕਿ ਇਸਦੇ ਪਿੱਛੇ ਅਸਲ ਕਾਰਨ ਕੀ ਰਹੇ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ—ਜੇ ਪਰਿਵਾਰ ਨੂੰ ਸ਼ੱਕ ਹੈ, ਹੋਵੇਗੀ ਪੂਰੀ ਜਾਂਚ
ਇਸ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜੇ ਪਰਿਵਾਰ ਨੂੰ ਇਲਾਜ ਜਾਂ ਮੌਤ ਸਬੰਧੀ ਕੋਈ ਵੀ ਸ਼ੱਕ ਹੈ ਤਾਂ ਸਰਕਾਰ ਪੂਰੀ ਜਾਂਚ ਕਰਵਾਏਗੀ। ਉਨ੍ਹਾਂ ਕਿਹਾ ਕਿ ਕੋਈ ਵੀ ਹਸਪਤਾਲ ਆਪਣੇ ਮਰੀਜ਼ ਨੂੰ ਖੋਣਾ ਨਹੀਂ ਚਾਹੁੰਦਾ, ਪਰ ਜੇ ਪਰਿਵਾਰ ਲਿਖਤੀ ਅਰਜ਼ੀ ਦੇਵੇ ਤਾਂ ਪੁਲਿਸ ਕਮਿਸ਼ਨਰ ਜਾਂ ਸਿਵਲ ਸਰਜਨ ਦੀ ਦੇਖ-ਰੇਖ ਹੇਠ ਨਿਰਪੱਖ ਜਾਂਚ ਕੀਤੀ ਜਾਵੇਗੀ।
ਸਡਨ ਕਾਰਡੀਅਕ ਅਰੇਸਟ ਹੋ ਸਕਦਾ ਹੈ ਕਾਰਨ: ਮੰਤਰੀ
ਡਾ. ਬਲਬੀਰ ਸਿੰਘ ਨੇ ਵਰਿੰਦਰ ਘੁੰਮਣ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੌਤ ਸਡਨ ਕਾਰਡੀਅਕ ਅਰੇਸਟ, ਅਰਥਾਤ ਦਿਲ ਦੇ ਦੌਰੇ ਕਾਰਨ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਅਚਾਨਕ ਮੌਤਾਂ ’ਤੇ ਵਿਗਿਆਨਕ ਰਿਸਰਚ ਕਰ ਰਹੀ ਹੈ ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਐਸੇ ਕਈ ਮਾਮਲੇ ਸਾਹਮਣੇ ਆਏ ਹਨ।
ਸਟੀਰਾਇਡ, ਸਪਲੀਮੈਂਟ ਤੇ ਭਾਰੀ ਖੁਰਾਕ ਨਾਲ ਜੋੜਿਆ ਖਤਰਾ
ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਅਜਿਹੀਆਂ ਮੌਤਾਂ ਦਾ ਸੰਬੰਧ ਫੂਡ ਸਪਲੀਮੈਂਟਸ, ਸਟੀਰਾਇਡਜ਼ ਜਾਂ ਜ਼ਿਆਦਾ ਪ੍ਰੋਟੀਨ ਵਾਲੀ ਭਾਰੀ ਖੁਰਾਕ ਨਾਲ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਇਸ ਪੂਰੇ ਮਾਮਲੇ ਦਾ ਵਿਗਿਆਨਕ ਅਧਿਐਨ ਕਰ ਰਿਹਾ ਹੈ ਤਾਂ ਜੋ ਅਗਲੇ ਸਮੇਂ ‘ਚ ਲੋਕਾਂ ਨੂੰ ਸੁਰੱਖਿਅਤ ਵਰਕਆਉਟ ਤੇ ਖੁਰਾਕ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਪੰਜਾਬ ਲਈ ਵੱਡਾ ਨੁਕਸਾਨ: ਸਰਕਾਰ ਪਰਿਵਾਰ ਦੇ ਨਾਲ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਵਰਿੰਦਰ ਘੁੰਮਣ ਦਾ ਜਾਣਾ ਸਿਰਫ ਬਾਡੀਬਿਲਡਿੰਗ ਜਗਤ ਹੀ ਨਹੀਂ, ਸਗੋਂ ਸਾਰੇ ਪੰਜਾਬ ਲਈ ਵੱਡਾ ਨੁਕਸਾਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਪੂਰੀ ਤਰ੍ਹਾਂ ਖੜੀ ਹੈ ਅਤੇ ਜਰੂਰੀ ਸਹਾਇਤਾ ਦੇਣ ਲਈ ਤਿਆਰ ਹੈ।