ਸੰਗਰੂਰ :- ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰਨ ਮਗਰੋਂ ਖੁਦ ਹੀ ਪੁਲਿਸ ਕੋਲ ਪਹੁੰਚ ਕੇ ਆਪਣਾ ਜੁਰਮ ਕਬੂਲ ਕਰ ਲਿਆ।
ਲਹਿਰਾ ਖੇਤਰ ਦੇ ਪਿੰਡ ਵਿੱਚ ਵਾਪਰੀ ਘਟਨਾ
ਇਹ ਘਟਨਾ ਮੰਗਲਵਾਰ ਸ਼ਾਮ ਨੂੰ ਸੰਗਰੂਰ ਜ਼ਿਲ੍ਹੇ ਦੇ ਲਹਿਰਾ ਖੇਤਰ ਅਧੀਨ ਆਉਂਦੇ ਪਿੰਡ ਖੰਡੇਬਾਗ ਵਿੱਚ ਵਾਪਰੀ। ਜਾਣਕਾਰੀ ਅਨੁਸਾਰ ਪਿੰਡ ਦੇ ਰਹਿਣ ਵਾਲੇ ਕੁਲਦੀਪ ਸਿੰਘ ਨੇ ਆਪਣੀ 32 ਸਾਲਾ ਪਤਨੀ ਹਰਕੀਰਤ ਕੌਰ ਦੀ ਹੱਤਿਆ ਕਰ ਦਿੱਤੀ।
ਘਟਨਾ ਤੋਂ ਬਾਅਦ ਪੁਲਿਸ ਸਟੇਸ਼ਨ ਪਹੁੰਚਿਆ ਮੁਲਜ਼ਮ
ਵਾਰਦਾਤ ਤੋਂ ਬਾਅਦ ਮੁਲਜ਼ਮ ਪਤੀ ਸਿੱਧਾ ਲਹਿਰਾਗਾਗਾ ਪੁਲਿਸ ਸਟੇਸ਼ਨ ਪਹੁੰਚਿਆ, ਜਿੱਥੇ ਉਸਨੇ ਆਪਣੇ ਆਪ ਨੂੰ ਕਤਲ ਦਾ ਦੋਸ਼ੀ ਦੱਸਦਿਆਂ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਗ੍ਰਿਫ਼ਤਾਰ ਕਰ ਲਿਆ।
ਤਿੰਨ ਬੱਚਿਆਂ ਦੀ ਮਾਂ ਸੀ ਮ੍ਰਿਤਕ ਔਰਤ
ਮ੍ਰਿਤਕ ਹਰਕੀਰਤ ਕੌਰ ਤਿੰਨ ਬੱਚਿਆਂ ਦੀ ਮਾਂ ਸੀ। ਉਸ ਦੀਆਂ ਦੋ ਧੀਆਂ ਹਨ, ਜਦਕਿ ਇੱਕ ਪੁੱਤਰ ਦੀ ਉਮਰ ਲਗਭਗ ਛੇ ਸਾਲ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਅਤੇ ਸਹਿਮ ਦਾ ਮਾਹੌਲ ਹੈ।
ਘਰੇਲੂ ਵਿਵਾਦ ਕਾਰਨ ਬਣਿਆ ਜਾਂਚ ਦਾ ਕੇਂਦਰ
ਪੁਲਿਸ ਅਨੁਸਾਰ, ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਪਤੀ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਹਾਲਾਂਕਿ, ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਪੂਰੀ ਹੋਣ ਮਗਰੋਂ ਹੀ ਹੋ ਸਕੇਗੀ।
ਲਾਸ਼ ਪੋਸਟਮਾਰਟਮ ਲਈ ਭੇਜੀ ਗਈ
ਲਹਿਰਾਗਾਗਾ ਦੇ ਡੀਐਸਪੀ ਰਣਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਕਤਲ ਦੀ ਧਾਰਾ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਹਰ ਪੱਖੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।

