ਗੁਰਦਾਸਪੁਰ :- ਗੁਰਦਾਸਪੁਰ ਵਿੱਚ ਪੁਲਿਸ ਨੇ ਕਾਂਗਰਸ ਪਾਰਟੀ ਦੇ ਐਸਸੀ ਵਿੰਗ ਦੇ ਕਨਵੀਨਰ ਗੁਰਕੀਰਤਨ ਸਿੰਘ ਕਾਲੂ ਨੂੰ ਹੈਰੋਇਨ ਸਣੇ ਰੰਗੀ ਹੱਥੀ ਕਾਬੂ ਕੀਤਾ ਹੈ। ਗੁਰਕੀਰਤਨ ਕਾਲੂ ਵਡਾਲਾ ਬਾਂਗਰ ਵਾਸੀ ਸ਼ਮਸ਼ਾਨਘਾਟ ਵਿੱਚ ਨਸ਼ਾ ਕਰ ਰਿਹਾ ਸੀ। ਇਸ ਮਾਮਲੇ ਨੂੰ ਥਾਣਾ ਸਦਰ ਬਟਾਲਾ ਵਿੱਚ ਦਰਜ ਕੀਤਾ ਗਿਆ ਹੈ, ਕਿਉਂਕਿ ਜਿਸ ਪਿੰਡ ਵਿੱਚ ਇਹ ਘਟਨਾ ਵਾਪਰੀ ਉਹ ਥਾਣਾ ਸਦਰ ਬਟਾਲਾ ਦੀ ਹੱਦ ਵਿੱਚ ਆਉਂਦਾ ਹੈ।
ਪੁਲਿਸ ਗਸ਼ਤ ਦੌਰਾਨ ਫੜਿਆ ਗਿਆ ਨੌਜਵਾਨ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਏਐਸਈ ਅਮਰੀਕ ਸਿੰਘ ਅਤੇ ਪੁਲਿਸ ਟੁਕੜੀ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਿੰਡ ਮੂਲਾ ਸੁਨਈਆਂ ਦੇ ਸ਼ਮਸ਼ਾਨਘਾਟ ਵਿੱਚ ਇੱਕ ਨੌਜਵਾਨ ਨੂੰ ਝਾੜੀਆਂ ਵਿੱਚ ਬੈਠਾ ਵੇਖਿਆ ਗਿਆ। ਮੌਕੇ ‘ਤੇ ਪੁੱਜਣ ‘ਤੇ ਪਤਾ ਚਲਿਆ ਕਿ ਉਹ ਨੌਜਵਾਨ 10 ਰੁਪਏ ਦੀ ਪੰਨੀ ਬਣਾਕੇ ਹੈਰੋਇਨ ਦਾ ਧੂਆਂ ਖਿੱਚ ਰਿਹਾ ਸੀ। ਫੜਿਆ ਗਿਆ ਨੌਜਵਾਨ ਗੁਰਕੀਰਤਨ ਸਿੰਘ ਕਾਲੂ ਵਡਾਲਾ ਬਾਂਗਰ ਹੀ ਸੀ।
ਮੀਡੀਆ ‘ਚ ਆਈ ਗੁਰਕੀਰਤਨ ਦੀ ਫੋਟੋ
ਕਾਲੂ ਦੀ ਇੱਕ ਫੋਟੋ ਵੀ ਮੀਡੀਆ ਸਾਹਮਣੇ ਆਈ ਹੈ, ਜਿਸ ਵਿੱਚ ਉਹ ਗੁਰਦਾਸਪੁਰ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਨਜ਼ਰ ਆ ਰਿਹਾ ਹੈ।
ਕੁਲਦੀਪ ਧਾਲੀਵਾਲ ਨੇ ਦਿੱਤਾ ਬਿਆਨ
ਮਾਮਲੇ ‘ਤੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਗੁਰਕੀਰਤਨ ਸੁਖਜਿੰਦਰ ਸਿੰਘ ਰੰਧਾਵਾ ਦਾ ਸਾਥੀ ਹੈ। ਉਹਨਾਂ ਨੇ ਵੱਡਾ ਦਾਅਵਾ ਕਰਦਿਆਂ ਆਖਿਆ ਕਿ ‘ਆਪ’ ਪਾਰਟੀ ਪੰਜਾਬ ਵਿੱਚ ਨਸ਼ਾ ਮੁਕੰਮਲ ਤੌਰ ਤੇ ਖਤਮ ਕਰੇਗੀ।

