ਤਰਨਤਾਰਨ :- ਤਰਨਤਾਰਨ ਦੇ ਖਵਾਸਪੁਰ ਨੇੜੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲਾਬਾਰੀ ਦੀ ਭਿਆਨਕ ਘਟਨਾ ਹੋਈ। ਜਾਣਕਾਰੀ ਮੁਤਾਬਕ, ਵਿਦੇਸ਼ ਵਿੱਚ ਬੈਠੇ ਗੈਂਗਸਟਰ ਸਤਨਾਮ ਸਿੰਘ ਸੱਤਾ ਦੇ ਗੁਰਗੇ ਕਾਰ ਸਵਾਰ ਸਨ, ਜਿਨ੍ਹਾਂ ਨੂੰ ਪੁਲਿਸ ਨੇ ਨਾਕੇ ’ਤੇ ਰੋਕਣ ਦਾ ਇਸ਼ਾਰਾ ਕੀਤਾ। ਇਸ ’ਤੇ ਉਨ੍ਹਾਂ ਵੱਲੋਂ ਪੁਲਿਸ ’ਤੇ ਤਾਬੜਤੋੜ ਫਾਇਰਿੰਗ ਕੀਤੀ ਗਈ, ਜਿਸ ਨਾਲ ਇਲਾਕੇ ’ਚ ਸਹਿਮ ਪੈਦਾ ਹੋ ਗਿਆ।
ਜਵਾਬੀ ਕਾਰਵਾਈ ’ਚ ਇਕ ਗੁਰਗਾ ਡਿੱਗਿਆ, ਦੂਜਾ ਮੌਕੇ ਤੋਂ ਫਰਾਰ
ਪੁਲਿਸ ਵੱਲੋਂ ਤੁਰੰਤ ਜਵਾਬੀ ਗੋਲ਼ੀਆਂ ਚਲਾਈਆਂ ਗਈਆਂ। ਦੋਵੇਂ ਪਾਸਿਆਂ ਦੀ ਗੋਲਾਬਾਰੀ ਕਾਫੀ ਸਮੇਂ ਤਕ ਚੱਲਦੀ ਰਹੀ। ਮੁਕਾਬਲੇ ਦੌਰਾਨ ਇਕ ਗੁਰਗਾ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਜਦਕਿ ਉਸਦਾ ਸਾਥੀ ਮੌਕੇ ਦਾ ਫਾਇਦਾ ਚੁੱਕ ਕੇ ਭੱਜ ਨਿਕਲਿਆ।
ਗੁਰਸੇਵਕ ਸਿੰਘ ਤੋਂ ਪਿਸਤੌਲ ਬਰਾਮਦ, ਫਰਾਰ ਸਾਥੀ ਦੀ ਭਾਲ ਜਾਰੀ
ਪੁਲਿਸ ਨੇ ਜ਼ਖ਼ਮੀ ਗੁਰਗੇ ਗੁਰਸੇਵਕ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ ਇਕ ਪਿਸਤੌਲ ਵੀ ਬਰਾਮਦ ਕੀਤਾ ਹੈ। ਐੱਸ.ਐੱਸ.ਪੀ. ਰਵਜੋਤ ਗਰੇਵਾਲ ਨੇ ਦੱਸਿਆ ਕਿ ਗੁਰਸੇਵਕ ਸਿੰਘ ਕਈ ਕਤਲ ਤੇ ਫਿਰੌਤੀ ਮਾਮਲਿਆਂ ’ਚ ਲੋੜੀਂਦਾ ਸੀ। ਪੁਲਿਸ ਨੇ ਥਾਣਾ ਗੋਇੰਦਵਾਲ ਸਾਹਿਬ ’ਚ ਪਰਚਾ ਦਰਜ ਕਰਕੇ ਫਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।