ਲੁਧਿਆਣਾ :- ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਲੁਧਿਆਣਾ ਦੇ ਦੋਰਾਹਾ ਪਹੁੰਚੇ। ਉਨ੍ਹਾਂ ਨੇ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਵੱਲੋਂ ਆਯੋਜਿਤ ਸੀਨੀਅਰ ਸਿਟੀਜ਼ਨ ਦਿਵਸ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਹੈਵਨਲੀ ਪੈਲੇਸ ਵਿਖੇ ਇਕ ਨਵੀਂ ਇਮਾਰਤ ‘ਹੈਵਨਲੀ ਏਂਜਲ’ ਦਾ ਉਦਘਾਟਨ ਕੀਤਾ।
ਹੜ੍ਹ ਮੁਆਵਜ਼ੇ ਨੂੰ ਲੈ ਕੇ ਦਿੱਤਾ ਸਪਸ਼ਟੀਕਰਨ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਰਾਹਤ ਰਾਸ਼ੀ ਸਿਰਫ਼ ਟੋਕਨ ਨਹੀਂ, ਸਗੋਂ ਆਫ਼ਤ ਰਾਹਤ ਫੰਡ ਦਾ ਹਿੱਸਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਫੰਡ ਵਿੱਚ 75% ਹਿੱਸਾ ਕੇਂਦਰ ਅਤੇ 25% ਹਿੱਸਾ ਸੂਬਾ ਸਰਕਾਰ ਪਾਉਂਦੀ ਹੈ। ਇਸ ਵੇਲੇ ਦੋਹਾਂ ਸਰਕਾਰਾਂ ਦਾ ਕੁੱਲ 12 ਹਜ਼ਾਰ ਕਰੋੜ ਰੁਪਏ ਦਾ ਫੰਡ ਹੈ, ਜਿਸ ਵਿਚੋਂ ਮੁਆਵਜ਼ਾ ਦਿੱਤਾ ਜਾਂਦਾ ਹੈ।
ਕਟਾਰੀਆ ਨੇ ਕਿਹਾ ਕਿ ਰਾਹਤ ਵਜੋਂ 6,800 ਰੁਪਏ ਪ੍ਰਤੀ ਏਕੜ ਮੁਆਵਜ਼ਾ ਨਿਯਮਤ ਤੌਰ ‘ਤੇ ਹੁੰਦਾ ਹੈ, ਪਰ ਪੰਜਾਬ ਸਰਕਾਰ ਨੇ ਵਧਾ ਕੇ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਹੈ। ਕੇਂਦਰ ਵੱਲੋਂ ਹਾਲ ਹੀ ਵਿੱਚ ਦਿੱਤੇ ਗਏ 1,600 ਕਰੋੜ ਰੁਪਏ ਐਮਰਜੈਂਸੀ ਸਹਾਇਤਾ ਵਜੋਂ ਹਨ। ਗਿਰਦਾਵਰੀ ਤੋਂ ਬਾਅਦ ਜੇ ਹੋਰ ਰਕਮ ਦੀ ਲੋੜ ਪਈ, ਤਾਂ ਕੇਂਦਰ ਵੱਲੋਂ ਵਾਧੂ ਸਹਾਇਤਾ ਵੀ ਦਿੱਤੀ ਜਾਵੇਗੀ।
ਨਸ਼ੇ ਦੇ ਖ਼ਿਲਾਫ਼ ਜਨਤਾ ਦੇ ਸਹਿਯੋਗ ਦੀ ਅਪੀਲ
ਰਾਜਪਾਲ ਨੇ ਨਸ਼ੇ ਦੀ ਸਮੱਸਿਆ ‘ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਇਹ ਕੇਵਲ ਸਰਕਾਰ ਦੇ ਬਲਬੂਤੇ ਹੱਲ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਆਮ ਜਨਤਾ ਨਸ਼ੇ ਦੇ ਖ਼ਿਲਾਫ਼ ਖੜ੍ਹੀ ਨਹੀਂ ਹੋਵੇਗੀ, ਤਦ ਤਕ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਵਿੱਚ 20 ਹਜ਼ਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਨਸ਼ੇ ਦੇ ਖ਼ਿਲਾਫ਼ ਕੜੀ ਕਾਰਵਾਈ ਕੀਤੀ ਹੈ।
ਰਾਜਪਾਲ ਦੀ ਅਪੀਲ
ਰਾਜਪਾਲ ਕਟਾਰੀਆ ਨੇ ਪੰਜਾਬ ਵਾਸੀਆਂ ਨੂੰ ਨਸ਼ਾ ਮੁਕਤ ਸਮਾਜ ਲਈ ਇਕੱਠੇ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਜਨਤਾ ਦਾ ਸਹਿਯੋਗ ਮਿਲੇ ਤਾਂ ਨਸ਼ੇ ਦੀ ਸਮੱਸਿਆ ਦਾ ਜਲਦੀ ਹੱਲ ਸੰਭਵ ਹੈ।