ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਕਾਇਆ ਪ੍ਰਾਪਰਟੀ ਟੈਕਸ ਜਾਂ ਹਾਊਸ ਟੈਕਸ ਬਿਨਾਂ ਵਿਆਜ ਅਤੇ ਜੁਰਮਾਨੇ ਦੇ ਭੁਗਤਾਨ ਲਈ ਇੱਕ ਵਾਰੀ ਨਿਪਟਾਰੇ (O.T.S.) ਸਕੀਮ ਦੇ ਤਹਿਤ ਵੱਡੀ ਰਿਆਇਤ ਦਿੱਤੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ ਜਨਰਲ ਤਰਨਤਾਰਨ ਰਾਜਦੀਪ ਸਿੰਘ ਬਰਾੜ ਵੱਲੋਂ ਤਰਨਤਾਰਨ, ਭਿੱਖੀਵਿੰਡ, ਪੱਟੀ ਅਤੇ ਖੇਮਕਰਨ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਲੋਗਾਂ, ਦੁਕਾਨਦਾਰਾਂ ਜਾਂ ਸੰਸਥਾਵਾਂ ਨੇ ਅਜੇ ਤੱਕ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ, ਉਹ 15 ਅਗਸਤ 2025 ਤੱਕ ਬਿਨਾਂ ਕਿਸੇ ਵਾਧੂ ਜੁਰਮਾਨੇ ਜਾਂ ਵਿਆਜ ਦੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਸਹੂਲਤ ਦੇ ਤੌਰ ਤੇ ਨਗਰ ਕੌਂਸਲ ਤਰਨਤਾਰਨ, ਪੱਟੀ, ਭਿੱਖੀਵਿੰਡ ਅਤੇ ਖੇਮਕਰਨ ਦੀਆਂ ਟੈਕਸ ਸ਼ਾਖਾਵਾਂ 9 ਅਤੇ 10 ਅਗਸਤ (ਸ਼ਨੀਵਾਰ ਅਤੇ ਐਤਵਾਰ) ਨੂੰ ਵੀ ਖੁੱਲ੍ਹੀਆਂ ਰਹਿਣਗੀਆਂ, ਤਾਂ ਜੋ ਜਿਨ੍ਹਾਂ ਲੋਕਾਂ ਨੂੰ ਹਫ਼ਤੇ ਵਿਚਲੇ ਦਿਨਾਂ ਵਿਚ ਸਮਾਂ ਨਹੀਂ ਮਿਲਦਾ, ਉਹ ਵੀ ਆਪਣੇ ਬਕਾਏ ਦਾ ਨਿਪਟਾਰਾ ਕਰ ਸਕਣ। ਜੇਕਰ 15 ਅਗਸਤ ਨੂੰ ਕੋਈ ਸਰਕਾਰੀ ਛੁੱਟੀ ਆ ਜਾਂਦੀ ਹੈ, ਤਾਂ ਵੀ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ।
ਮੋਹਾਲੀ ਜ਼ਿਲ੍ਹੇ ਵਿੱਚ 22 ਕਰੋੜ ਤੋਂ ਵੱਧ ਦੀ ਵਸੂਲੀ
ਮੋਹਾਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ 15 ਅਗਸਤ ਤੱਕ ਆਪਣਾ ਬਕਾਇਆ ਟੈਕਸ ਜਮ੍ਹਾਂ ਕਰਵਾ ਦੇਣ, ਤਾਂ ਜੋ ਸਰਕਾਰ ਵੱਲੋਂ ਦਿੱਤੀ ਛੋਟ ਦਾ ਲਾਭ ਉਠਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ 1 ਜੁਲਾਈ ਤੋਂ ਸ਼ੁਰੂ ਹੋਈ ਮੁਹਿੰਮ ਦੌਰਾਨ ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ ਹੁਣ ਤੱਕ 22.20 ਕਰੋੜ ਰੁਪਏ ਦੀ ਰਕਮ ਇਕੱਤਰ ਕੀਤੀ ਜਾ ਚੁੱਕੀ ਹੈ। ਇਸ ਲੜੀ ਵਿੱਚ ਜ਼ੀਰਕਪੁਰ ਨਗਰ ਕੌਂਸਲ 13.77 ਕਰੋੜ ਰੁਪਏ ਨਾਲ ਸਿਖਰ ਤੇ ਹੈ, ਜਿਸ ਤੋਂ ਬਾਅਦ ਖਰੜ, ਡੇਰਾਬਸੀ, ਲਾਲੜੂ, ਕੁਰਾਲੀ, ਨਵਾਂਗਰਾਓਂ ਅਤੇ ਬਨੂੜ ਨਗਰ ਕੌਂਸਲਾਂ ਨੇ ਵੀ ਕਾਫੀ ਟੈਕਸ ਇਕੱਠਾ ਕੀਤਾ ਹੈ।
ਡੀ.ਸੀ. ਨੇ ਕਿਹਾ ਕਿ “ਰਿਬੇਟ ਵਿੰਡੋ” ਹਾਲੇ ਵੀ ਖੁੱਲ੍ਹੀ ਹੈ ਅਤੇ ਜਿਹੜੇ ਨਾਗਰਿਕ ਹੁਣ ਤੱਕ ਟੈਕਸ ਨਹੀਂ ਭਰ ਸਕੇ, ਉਹ 15 ਅਗਸਤ ਤੋਂ ਪਹਿਲਾਂ ਬਿਨਾਂ ਵਿਆਜ ਜਾਂ ਜੁਰਮਾਨੇ ਦੇ ਆਪਣੇ ਬਕਾਏ ਦਾ ਭੁਗਤਾਨ ਕਰ ਸਕਦੇ ਹਨ।
ਮਿਲੀ ਜਾਣਕਾਰੀ ਮੁਤਾਬਕ, ਸ਼ਾਮ ਚੁਰਾਸੀ ਦੇ ਨਗਰ ਕੌਂਸਲ ਦੇ ਪ੍ਰਧਾਨ ਨਿਰਮਲ ਕੁਮਾਰ ਅਤੇ ਈ.ਓ. ਸਿਮਰਨ ਢੀਂਡਸਾ ਨੇ ਦੱਸਿਆ ਕਿ ਪਹਿਲਾਂ ਇਹ ਸਮਾਂ 31 ਅਗਸਤ 2025 ਤੱਕ ਸੀ, ਪਰ ਹੁਣ ਇਸਨੂੰ ਵਧਾ ਕੇ 15 ਸਤੰਬਰ 2025 ਕਰ ਦਿੱਤਾ ਗਿਆ ਹੈ।
ਹੁਣ ਲੋਕ ਆਪਣਾ ਪ੍ਰਾਪਰਟੀ ਟੈਕਸ, ਰਿਹਾਇਸ਼ੀ ਘਰਾਂ, ਦੁਕਾਨਾਂ ਜਾਂ ਵਪਾਰੀ ਇਮਾਰਤਾਂ ਦਾ ਟੈਕਸ ਬਿਨਾਂ ਜੁਰਮਾਨੇ ਦੇ 15 ਸਤੰਬਰ ਤੱਕ ਆਸਾਨੀ ਨਾਲ ਜਮ੍ਹਾ ਕਰਵਾ ਸਕਦੇ ਹਨ। ਇਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਲੈਣ।
ਨਾਗਰਿਕਾਂ ਲਈ ਸੁਨੇਹਾ
ਸਾਰੇ ਜ਼ਿਲ੍ਹਿਆਂ ਦੇ ਵਸਨੀਕਾਂ ਲਈ ਇਹ ਇੱਕ ਮਹੱਤਵਪੂਰਨ ਮੌਕਾ ਹੈ ਕਿ ਉਹ ਆਪਣਾ ਬਕਾਇਆ ਪ੍ਰਾਪਰਟੀ ਜਾਂ ਹਾਊਸ ਟੈਕਸ ਬਿਨਾਂ ਕਿਸੇ ਵਾਧੂ ਲੋਡ ਦੇ ਭਰ ਸਕਣ। ਇਹ ਨਾ ਸਿਰਫ਼ ਵਿੱਤੀ ਭਾਰ ਨੂੰ ਘਟਾਉਂਦਾ ਹੈ, ਸਗੋਂ ਤੁਹਾਨੂੰ ਵਿੱਤੀ ਸੁਰੱਖਿਆ ਵੱਲ ਵੀ ਅੱਗੇ ਵਧਾਉਂਦਾ ਹੈ।