ਚੰਡੀਗੜ੍ਹ :- ਤਿਉਹਾਰਾਂ ਦੇ ਦਿਨਾਂ ਵਿੱਚ ਗਰੁੱਪ–ਡੀ ਕਰਮਚਾਰੀਆਂ ਲਈ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰ ਯੋਗ ਕਰਮਚਾਰੀ ਨੂੰ ₹10 ਹਜ਼ਾਰ ਦੀ ਵਿਆਜ–ਮੁਕਤ ਪੇਸ਼ਗੀ ਦਿੱਤੀ ਜਾਵੇਗੀ। ਇਸ ਕਦਮ ਨਾਲ ਰਾਜ ਦੇ ਤਕਰੀਬਨ 35,894 ਕਰਮਚਾਰੀਆਂ ਨੂੰ ਸਿੱਧਾ ਲਾਭ ਹੋਵੇਗਾ।
ਹੁਣ ਤੱਕ 13 ਹਜ਼ਾਰ ਤੋਂ ਵੱਧ ਕਰਮਚਾਰੀ ਲੈ ਚੁੱਕੇ ਪੇਸ਼ਗੀ
ਚੀਮਾ ਨੇ ਦੱਸਿਆ ਕਿ ਵਿੱਤੀ ਸਾਲ 2024–25 ਵਿੱਚ ਗਰੁੱਪ–ਡੀ ਸ਼੍ਰੇਣੀ ਦੇ ਕੁੱਲ 36,065 ਕਰਮਚਾਰੀ ਦਰਜ ਹਨ। ਇਨ੍ਹਾਂ ਵਿੱਚੋਂ 13,375 ਕਰਮਚਾਰੀਆਂ ਨੂੰ ਪਹਿਲਾਂ ਹੀ ਇਹ ਰਕਮ ਜਾਰੀ ਹੋ ਚੁੱਕੀ ਹੈ, ਜਿਸ ਲਈ ਸਰਕਾਰ ਵੱਲੋਂ ਹੁਣ ਤੱਕ 13.37 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
ਬਜਟ ਵਿੱਚ ਰੱਖੇ 20 ਕਰੋੜ, ਲੋੜ ਪੈਣ ‘ਤੇ ਵਾਧੂ ਫੰਡ
ਵਿੱਤ ਮੰਤਰੀ ਨੇ ਕਿਹਾ ਕਿ ਜੇਕਰ ਸਾਰੇ ਯੋਗ ਕਰਮਚਾਰੀ ਇਹ ਪੇਸ਼ਗੀ ਲੈਂਦੇ ਹਨ ਤਾਂ ਖਰਚਾ 35.89 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਸਰਕਾਰ ਨੇ ਇਸ ਲਈ ਪਹਿਲਾਂ ਹੀ 20 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਅਤੇ ਜਰੂਰਤ ਪੈਣ ‘ਤੇ ਵਾਧੂ ਰਕਮ ਵੀ ਜਾਰੀ ਕੀਤੀ ਜਾਵੇਗੀ।
17 ਅਕਤੂਬਰ ਤੱਕ ਮਿਲੇਗਾ ਪੈਸਾ, ਕਿਸ਼ਤਾਂ ‘ਚ ਵਾਪਸੀ
ਦੀਵਾਲੀ 20 ਅਕਤੂਬਰ ਨੂੰ ਹੈ ਅਤੇ ਕਰਮਚਾਰੀਆਂ ਨੂੰ ਇਹ ਰਕਮ 17 ਅਕਤੂਬਰ ਤੱਕ ਜਾਰੀ ਕਰ ਦਿੱਤੀ ਜਾਵੇਗੀ। ਕਰਮਚਾਰੀ ਇਸ ਪੇਸ਼ਗੀ ਨੂੰ ਬਿਨਾਂ ਕਿਸੇ ਵਿਆਜ ਦੇ ਪੰਜ ਬਰਾਬਰ ਮਾਸਿਕ ਕਿਸ਼ਤਾਂ ਵਿੱਚ ਵਾਪਸ ਕਰਨਗੇ। ਪਹਿਲੀ ਕਿਸ਼ਤ ਨਵੰਬਰ 2025 ਦੀ ਤਨਖਾਹ ਵਿੱਚੋਂ ਕੱਟੀ ਜਾਵੇਗੀ।