ਪਾਤੜਾਂ :- ਸਬ-ਡਵੀਜ਼ਨ ਪਾਤੜਾਂ ਦੇ ਪਿੰਡਾਂ ਵਿੱਚੋਂ ਲੰਘਦੇ ਘੱਗਰ ਦਰਿਆ ਦਾ ਪਾਣੀ ਪਿਛਲੇ ਕਰੀਬ ਹਫ਼ਤੇ ਤੋਂ ਘਟਣ ਦੀ ਬਜਾਏ ਲਗਾਤਾਰ ਵਧ ਰਿਹਾ ਹੈ। ਅੱਜ ਸਵੇਰੇ ਪਿੰਡ ਹਰਚੰਦਪੁਰਾ ਨੇੜੇ ਘੱਗਰ ਦੇ ਕੰਢੇ ਅਚਾਨਕ ਪਾੜ ਪੈਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਪਾੜ ਦੀ ਖ਼ਬਰ ਪਿੰਡਾਂ ਵਿੱਚ ਫੈਲਣ ਨਾਲ ਲੋਕ ਵੱਡੀ ਗਿਣਤੀ ਵਿੱਚ ਦਰਿਆ ਦੇ ਕੰਢੇ ਜਾ ਡਟੇ।
ਖਨੌਰੀ ਹੈੱਡਵਰਕਸ ‘ਤੇ ਖ਼ਤਰੇ ਤੋਂ ਉੱਪਰ ਪਾਣੀ
ਮਿਲੀ ਜਾਣਕਾਰੀ ਅਨੁਸਾਰ, ਖਨੌਰੀ ਹੈੱਡਵਰਕਸ 460 ‘ਤੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ ਢਾਈ ਫੁੱਟ ਉੱਚਾ ਵਗ ਰਿਹਾ ਹੈ। ਸਵੇਰੇ 6 ਵਜੇ ਪਾਣੀ ਦਾ ਪੱਧਰ 750.6 ਫੁੱਟ ਤੇ 14,450 ਕਿਊਸਕ ਦਰਜ ਕੀਤਾ ਗਿਆ। ਇਸ ਕਾਰਨ ਨੇੜਲੇ ਪਿੰਡਾਂ ਦੇ ਕਿਸਾਨਾਂ ਵਿੱਚ ਚਿੰਤਾ ਦੀ ਲਹਿਰ ਹੈ ਅਤੇ ਲੋਕ ਘੱਗਰ ‘ਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ।
ਆਪ ਮੁਹਾਰੇ ਕਿਸਾਨਾਂ ਨੇ ਸੰਭਾਲਿਆ ਮੋਰਚਾ
ਪਿੰਡ ਹਰਚੰਦਪੁਰਾ ਦੇ ਖੇਤਾਂ ਵਿੱਚ ਜਦੋਂ ਘੱਗਰ ਦਾ ਪਾਣੀ ਨਿਕਲਣਾ ਸ਼ੁਰੂ ਹੋਇਆ ਤਾਂ ਸਥਾਨਕ ਕਿਸਾਨ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਖ਼ੂਨ-ਪਸੀਨਾ ਇਕ ਕਰਦੇ ਹੋਏ ਪਾੜ ਨੂੰ ਭਰਨ ਵਿੱਚ ਜੁਟ ਗਏ। ਦਰਜਨਾਂ ਪਿੰਡਾਂ ਦੇ ਲੋਕ ਰਾਤ-ਦਿਨ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਨ।
ਹੋਰ ਇਲਾਕਿਆਂ ਵਿੱਚ ਵੀ ਬਰਕਰਾਰ ਖ਼ਤਰਾ
ਇਸੇ ਤਰ੍ਹਾਂ ਦਿੱਲੀ-ਜੰਮੂ-ਕੱਟੜਾ ਐਕਸਪ੍ਰੈਸਵੇਅ ਦੇ ਸ਼ੁਤਰਾਣਾ ਨੇੜੇ ਵੀ ਖ਼ਤਰੇ ਦੀ ਸਥਿਤੀ ਬਣੀ ਹੋਈ ਹੈ। ਆਲੇ ਦੁਆਲੇ ਦੇ ਪਿੰਡਾਂ — ਸ਼ੁਤਰਾਣਾ, ਰਸੌਲੀ, ਨਾਈਵਾਲਾ, ਜੋਗੇਵਾਲਾ, ਗੁਲਾਹੜ, ਹੋਤੀਪੁਰ ਅਤੇ ਨਵਾਂਗਾਉਂ — ਦੇ ਕਿਸਾਨ ਵੀ 24 ਘੰਟੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਲੋਕ ਸਥਾਨਕ ਪ੍ਰਸ਼ਾਸਨ ਤੋਂ ਤੁਰੰਤ ਸਹਿਯੋਗ ਦੀ ਮੰਗ ਕਰ ਰਹੇ ਹਨ।