ਫਿਰੋਜ਼ਪੁਰ :- ਪੰਜਾਬ ‘ਚ ਜਿੱਥੇ ਪੁਲਿਸ ਨਸ਼ੇ ਦੇ ਖ਼ਿਲਾਫ਼ ਤਿੱਖੀ ਕਾਰਵਾਈ ਕਰ ਰਹੀ ਹੈ, ਉਥੇ ਕੁਝ ਸ਼ਾਤਰ ਲੋਕ ਪੁਲਿਸ ਦਾ ਨਾਮ ਵਰਤ ਕੇ ਲੋਕਾਂ ਨੂੰ ਠੱਗਣ ਤੋਂ ਨਹੀਂ ਚੁੱਕ ਰਹੇ। ਐਸਾ ਹੀ ਇਕ ਚੌਕਾਣੇ ਵਾਲਾ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸਾਹਮਣੇ ਆਇਆ ਹੈ, ਜਿੱਥੇ ਤਿੰਨ ਨਕਲੀ ਐਸਟੀਐਫ ਅਧਿਕਾਰੀਆਂ ਨੇ ਇਕ ਬੇਗੁਨਾਹ ਸ਼ਖਸ ਨੂੰ ਨਸ਼ੇਬਾਜ਼ ਦੱਸ ਕੇ ਉਸ ਤੋਂ ਤਿੰਨ ਲੱਖ ਰੁਪਏ ਠੱਗ ਲਏ।
ਰਸਤੇ ‘ਚ ਰੋਕ ਕੇ ਕੀਤੀ ਕੁੱਟਮਾਰ ਤੇ ਠੱਗੀ
ਜਾਣਕਾਰੀ ਅਨੁਸਾਰ, ਪੀੜਤ ਵਿਅਕਤੀ ਆਪਣੇ ਕੰਮ ‘ਤੇ ਜਾ ਰਿਹਾ ਸੀ ਜਦੋਂ ਤਿੰਨ ਲੋਕ, ਜਿਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਿਲ ਸੀ, ਨੇ ਖੁਦ ਨੂੰ ਐਸਟੀਐਫ ਅਧਿਕਾਰੀ ਦੱਸਿਆ। ਉਨ੍ਹਾਂ ਨੇ ਪੀੜਤ ਨੂੰ ਗੱਡੀ ‘ਚ ਬਿਠਾ ਲਿਆ, ਡਰਾਇਆ-ਧਮਕਾਇਆ ਅਤੇ ਉਸ ਉੱਤੇ ਨਸ਼ੇ ਦਾ ਕਾਰੋਬਾਰ ਕਰਨ ਦਾ ਝੂਠਾ ਦੋਸ਼ ਲਾਇਆ। ਬਾਅਦ ਵਿੱਚ ਉਸਦੀ ਕੁੱਟਮਾਰ ਕਰਕੇ ਉਸ ਤੋਂ ਤਿੰਨ ਲੱਖ ਰੁਪਏ ਵਸੂਲ ਕਰਕੇ ਮੌਕੇ ਤੋਂ ਫਰਾਰ ਹੋ ਗਏ।
ਪੀੜਤ ਦੀ ਸ਼ਿਕਾਇਤ ‘ਤੇ ਪੁਲਿਸ ਦੀ ਕਾਰਵਾਈ ਸ਼ੁਰੂ
ਘਟਨਾ ਤੋਂ ਬਾਅਦ ਪੀੜਤ ਨੂੰ ਜਦੋਂ ਸ਼ੱਕ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਬਣ ਗਿਆ ਹੈ, ਤਾਂ ਉਸ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਸਾਰੀ ਸਾਜ਼ਿਸ਼ ਦਾ ਪਰਦਾ ਫਾਸ਼ ਕਰ ਦਿੱਤਾ।
ਦੋ ਗ੍ਰਿਫ਼ਤਾਰ, ਤੀਜੀ ਔਰਤ ਦੀ ਭਾਲ ਜਾਰੀ
ਫਿਰੋਜ਼ਪੁਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਤੀਜੀ ਔਰਤ ਮੈਂਬਰ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਸ਼ਾਤਰਾਂ ਕੋਲੋਂ ਠੱਗੇ ਗਏ ਤਿੰਨ ਲੱਖ ਰੁਪਏ ਵੀ ਬਰਾਮਦ ਕਰ ਲਏ ਹਨ।
ਪੁਲਿਸ ਵੱਲੋਂ ਚੇਤਾਵਨੀ
ਅਧਿਕਾਰੀ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਵੱਲੋਂ ਆਪਣੇ ਆਪ ਨੂੰ ਐਸਟੀਐਫ ਜਾਂ ਕਿਸੇ ਹੋਰ ਵਿਭਾਗ ਦਾ ਅਫਸਰ ਦੱਸਣ ‘ਤੇ ਉਸ ਦੀ ਪਛਾਣ ਦੀ ਪੁਸ਼ਟੀ ਕਰਨਾ ਜ਼ਰੂਰੀ ਹੈ। ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਠੱਗੀ ਮਾਮਲਿਆਂ ਵਿੱਚ ਸ਼ਾਮਲ ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗਾ।

