ਲੁਧਿਆਣਾ :- ਅੱਜ ਤੋਂ ਪੰਜਾਬ ਦੇ ਆਰ.ਟੀ.ਓ. ਦਫ਼ਤਰਾਂ ਦੀਆਂ ਸਾਰੀਆਂ ਸੇਵਾਵਾਂ ਸਿੱਧੇ ਸੇਵਾ ਕੇਂਦਰਾਂ ਜਾਂ ਔਨਲਾਈਨ ਪੋਰਟਲ ਰਾਹੀਂ ਉਪਲਬਧ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਵਿੱਚ ਟਰਾਂਸਪੋਰਟ ਵਿਭਾਗ ਦੀਆਂ 100% ਫੇਸਲੈੱਸ ਸੇਵਾਵਾਂ ਦਾ ਉਦਘਾਟਨ ਕਰਨ ਵਾਲੇ ਹਨ।
ਡਰਾਈਵਿੰਗ ਲਾਇਸੈਂਸ ਤੋਂ ਆਰ.ਸੀ ਤੱਕ – ਹੁਣ ਇਕੋ ਥਾਂ ਸਾਰੀ ਸਹੂਲਤ
ਹੁਣ ਡਰਾਈਵਿੰਗ ਲਾਇਸੈਂਸ ਬਣਾਉਣ/ਨਵੀਨੀਕਰਨ, ਆਰ.ਸੀ., ਟਰਾਂਸਫਰ, ਪਰਮਿਟ ਸਮੇਤ ਵਾਹਨਾਂ ਨਾਲ ਸਬੰਧਤ ਸਾਰੀਆਂ 56 ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਮਿਲਣਗੀਆਂ। ਲੋਕ ਇਨ੍ਹਾਂ ਸੇਵਾਵਾਂ ਦਾ ਘਰ ਬੈਠੇ ਵੀ ਔਨਲਾਈਨ ਲਾਭ ਲੈ ਸਕਣਗੇ।
ਕੇਜਰੀਵਾਲ ਵੀ ਮੌਜੂਦ ਰਹਿਣਗੇ ਸਮਾਗਮ ’ਚ
ਜਾਣਕਾਰੀ ਅਨੁਸਾਰ, ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਲੁਧਿਆਣਾ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸ਼ਮੂਲੀਅਤ ਕਰਨ ਆ ਰਹੇ ਹਨ। ਦੋਵੇਂ ਲੀਡਰ ਲੋਕਾਂ ਲਈ ਇਸ ਸਿਸਟਮ ਦਾ ਅਧਿਕਾਰਕ ਐਲਾਨ ਕਰਨਗੇ।
ਘਰ ਬੈਠੇ ਸੇਵਾ ਜਾਂ ਸੇਵਾ ਕੇਂਦਰ ’ਤੇ – ਦੋਵੇਂ ਚੋਣਾਂ ਮੁਹੱਈਆ
ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 544 ਸੇਵਾ ਕੇਂਦਰ ਚੱਲ ਰਹੇ ਹਨ ਜਿੱਥੇ ਟਰਾਂਸਪੋਰਟ ਵਿਭਾਗ ਦੀ ਹਰ ਸੇਵਾ ਬਿਨਾਂ ਆਰ.ਟੀ.ਓ. ਦਫ਼ਤਰ ਗਏ ਹੀ ਪ੍ਰਾਪਤ ਹੋ ਸਕਦੀ ਹੈ।
ਜੇਕਰ ਕੋਈ ਨਾਗਰਿਕ ਘਰ ਬੈਠੇ ਦਸਤਾਵੇਜ਼ ਤਿਆਰ ਕਰਵਾਉਂਣਾ ਚਾਹੇ, ਤਾਂ ਸੇਵਾ ਕੇਂਦਰ ਦਾ ਕਰਮਚਾਰੀ ਘਰ ਆ ਕੇ ਵੀ ਕੰਮ ਕਰੇਗਾ।
ਦਲਾਲੀ ਅਤੇ ਦਫ਼ਤਰ ਭਟਕਣ ਤੋਂ ਮੁਕਤੀ
ਯੋਜਨਾ ਦਾ ਉਦੇਸ਼ ਲੋਕਾਂ ਨੂੰ ਦਲਾਲੀ, ਰੋਜ਼ਾਨਾ ਦਫ਼ਤਰਾਂ ਦੇ ਚੱਕਰ ਅਤੇ ਫਾਈਲ ਪੈਂਡੈਂਸੀ ਤੋਂ ਮੁਕਤ ਕਰਨਾ ਦੱਸਿਆ ਜਾ ਰਿਹਾ ਹੈ। ਨਵੇਂ ਪ੍ਰਬੰਧ ਤਹਿਤ “ਫੇਸਲੈੱਸ ਮਾਡਲ” ਕਾਰਨ ਦਫ਼ਤਰੀ ਸੰਪਰਕ ਘੱਟ ਹੋਵੇਗਾ ਅਤੇ ਫਾਈਲ ਦੀ ਮਾਨੀਟਰਿੰਗ ਸਿਸਟਮ ਦੁਆਰਾ ਹੋਵੇਗੀ।

