ਚੰਡੀਗੜ੍ਹ :- ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਦੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੇ ਆਜ਼ਾਦੀ ਦਿਹਾੜੇ ‘ਤੇ ਤਿੱਖੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਮੁਲਾਜ਼ਮਾਂ ਵੱਲੋਂ 15 ਅਗਸਤ ਨੂੰ ‘ਰੋਡਵੇਜ਼ ਗੁਲਾਮੀ ਦਿਵਸ’ ਦੇ ਤੌਰ ‘ਤੇ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਦਿਨ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਟਰਾਂਸਪੋਰਟ ਮੰਤਰੀ ਵੱਲੋਂ ਤਿਰੰਗਾ ਲਹਿਰਾਇਆ ਜਾਵੇਗਾ, ਉਥੇ ਹੀ ਇਹਨਾਂ ਮੁਲਾਜ਼ਮਾਂ ਵੱਲੋਂ ਕਾਲੇ ਝੰਡੇ ਦਿਖਾ ਕੇ ਸਰਕਾਰ ਦੇ ਵਿਰੁੱਧ ਰੋਸ ਪ੍ਰਗਟਾਇਆ ਜਾਵੇਗਾ।
ਮੰਗਾਂ ਨਾ ਮੰਨਣ ਕਾਰਨ ਸੰਘਰਸ਼ ਤੇਜ਼
ਯੂਨੀਅਨ ਆਗੂਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਿਹਾ ਸੰਘਰਸ਼ ਅਜੇ ਤੱਕ ਕਿਸੇ ਨਤੀਜੇ ‘ਤੇ ਨਹੀਂ ਪਹੁੰਚਿਆ। ਉਹਨਾਂ ਨੇ ਦੋਸ਼ ਲਗਾਇਆ ਕਿ ਟਰਾਂਸਪੋਰਟ ਵਿਭਾਗ ਵਿੱਚ ਵਿਚੋਲਿਆਂ ਦੀ ਥਾਂ ਠੇਕੇਦਾਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਆਊਟਸੋਰਸਿੰਗ ਰਾਹੀਂ ਰਿਸ਼ਵਤ ਲੈ ਕੇ ਭਰਤੀਆਂ ਹੋ ਰਹੀਆਂ ਹਨ, ਕਿਲੋਮੀਟਰ ਸਕੀਮ ਰਾਹੀਂ ਪ੍ਰਾਈਵੇਟ ਬੱਸਾਂ ਪਾ ਕੇ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਤੋਂ ਘੱਟ ਤਨਖਾਹ ‘ਤੇ ਕੰਮ ਕਰਵਾਇਆ ਜਾ ਰਿਹਾ ਹੈ।
ਉਹਨਾਂ ਨੇ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਨਵੀਆਂ ਬੱਸਾਂ ਖਰੀਦੀਆਂ ਜਾਣ ਅਤੇ ਟਰਾਂਸਪੋਰਟ ਮਾਫੀਆ ਨੂੰ ਖਤਮ ਕੀਤਾ ਜਾਵੇ।
ਇਸ ਤਰ੍ਹਾਂ ਹੋਵੇਗਾ ਰੋਸ ਪ੍ਰਦਰਸ਼ਨ
ਆਗੂਆਂ ਨੇ ਜਾਣਕਾਰੀ ਦਿੱਤੀ ਕਿ 15 ਅਗਸਤ ਨੂੰ ਫਰੀਦਕੋਟ ਵਿਖੇ ਮੁੱਖ ਮੰਤਰੀ ਦੇ ਝੰਡਾ ਲਹਿਰਾਉਣ ਸਮੇਂ ਫਰੀਦਕੋਟ, ਕਪੂਰਥਲਾ, ਫਿਰੋਜ਼ਪੁਰ, ਅਮ੍ਰਿਤਸਰ (1), ਅਮ੍ਰਿਤਸਰ (2), ਜਲੰਧਰ (1), ਜਲੰਧਰ (2), ਲੁਧਿਆਣਾ ਪਨਬਸ, ਮੋਗਾ, ਜਗਰਾਓਂ, ਪੱਟੀ, ਤਰਨਤਾਰਨ, ਹੁਸ਼ਿਆਰਪੁਰ, ਬਟਾਲਾ, ਲੁਧਿਆਣਾ ਪੀ.ਆਰ.ਟੀ.ਸੀ., ਮੁਕਤਸਰ, ਫਾਜ਼ਿਲਕਾ, ਪਠਾਨਕੋਟ ਅਤੇ ਜੀਰਾ ਦੇ ਡੀਪੂ ਪਹੁੰਚਣਗੇ।
ਇਸੇ ਤਰ੍ਹਾਂ ਮਾਨਸਾ ਵਿਖੇ ਟਰਾਂਸਪੋਰਟ ਮੰਤਰੀ ਦੀ ਰਸਮ ਦੌਰਾਨ ਬਠਿੰਡਾ, ਪਟਿਆਲਾ (ਹੈਡ ਆਫਿਸ), ਸੰਗਰੂਰ, ਬਰਨਾਲਾ, ਬੁੱਢਲਾਡਾ, ਚੰਡੀਗੜ੍ਹ, ਰੋਪੜ, ਨਵਾਂਸ਼ਹਿਰ ਅਤੇ ਨੰਗਲ ਦੇ ਡਿੱਪੂ ਹਾਜ਼ਰ ਹੋਣਗੇ।
ਆਗੂਆਂ ਨੇ ਸਾਰੇ ਡੀਪੂਆਂ ਨੂੰ ਅਪੀਲ ਕੀਤੀ ਹੈ ਕਿ ਡਿਊਟੀ ਵਾਲੇ ਵਰਕਰ ਸਵੇਰੇ 5 ਵਜੇ ਸਮੇਂ ‘ਤੇ ਪਹੁੰਚਣ ਤੇ ਕੋਈ ਵੀ ਡੀਪੂ ਲੇਟ ਨਾ ਹੋਵੇ।