ਚੰਡੀਗੜ੍ਹ :- ਫੋਰਟਿਸ ਹੈਲਥਕੇਅਰ ਵੱਲੋਂ ਪੰਜਾਬ ਵਿੱਚ 950 ਕਰੋੜ ਰੁਪਏ ਦੇ ਹੋਰ ਨਿਵੇਸ਼ ਨਾਲ ਮੋਹਾਲੀ ਹਸਪਤਾਲ ਦਾ ਵਿਸਥਾਰ ਕੀਤਾ ਜਾਵੇਗਾ। ਇਹ ਐਲਾਨ ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਰਗਦਰਸ਼ਨ ‘ਚ ‘ਇਨਵੈਸਟ ਪੰਜਾਬ’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਨਾਲ ਸੂਬੇ ਵਿੱਚ ਨਿਵੇਸ਼ ਦਾ ਰੁਖ਼ ਤੇਜ਼ ਹੋ ਰਿਹਾ ਹੈ।
ਹਸਪਤਾਲ ਦਾ ਵਿਸਥਾਰ ਅਤੇ ਰੋਜ਼ਗਾਰ ਦੇ ਮੌਕੇ:
ਸੰਜੀਵ ਅਰੋੜਾ ਨੇ ਕਿਹਾ ਕਿ ਫੋਰਟਿਸ ਹਸਪਤਾਲ ਦੇ ਪੁਰਾਣੇ ਜ਼ਮੀਨੀ ਮਸਲੇ ਨੂੰ ਪੰਜਾਬ ਸਰਕਾਰ ਵੱਲੋਂ ਹੱਲ ਕਰ ਦਿੱਤਾ ਗਿਆ ਹੈ। ਹੁਣ 950 ਕਰੋੜ ਰੁਪਏ ਦੇ ਨਿਵੇਸ਼ ਨਾਲ ਹਸਪਤਾਲ ਸਾਢੇ 13 ਏਕੜ ਵਿੱਚ ਫੈਲ ਜਾਵੇਗਾ। ਇਸ ਪ੍ਰਾਜੈਕਟ ਨਾਲ ਲਗਭਗ 5 ਹਜ਼ਾਰ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜਿਸ ਵਿੱਚ 2,500 ਲੋਕਾਂ ਨੂੰ ਸਿੱਧਾ ਅਤੇ 2,200 ਲੋਕਾਂ ਨੂੰ ਅਸਿੱਧੇ ਤੌਰ ‘ਤੇ ਨੌਕਰੀਆਂ ਮਿਲਣਗੀਆਂ। ਇਹ ਹਸਪਤਾਲ ਮਲਟੀਸਪੈਸ਼ਲਿਟੀ ਫਾਰਮੈਟ ਵਿੱਚ ਤਿਆਰ ਕੀਤਾ ਜਾਵੇਗਾ।
ਫੋਰਟਿਸ ਦੇ ਪ੍ਰਬੰਧਕਾਂ ਦਾ ਕਿਹਾ:
ਫੋਰਟਿਸ ਹੈਲਥਕੇਅਰ ਤੇ ਕਾਰਪੋਰੇਟ ਮਾਮਲਿਆਂ ਦੇ ਮੁਖੀ ਮਨੂ ਕਪਿਲਾ ਨੇ ਦੱਸਿਆ ਕਿ 2001 ਵਿੱਚ ਫੋਰਟਿਸ ਦਾ ਪਹਿਲਾ ਹਸਪਤਾਲ ਮੋਹਾਲੀ ਵਿੱਚ ਖੁਲ੍ਹਿਆ ਸੀ। ਹੁਣ ਵਿਸਥਾਰ ਦੀ ਯੋਜਨਾ ਪੰਜਾਬ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੁਰਾਣੇ ਮਸਲੇ ਤੇਜ਼ੀ ਨਾਲ ਹੱਲ ਕੀਤੇ ਅਤੇ ਸਾਰੀਆਂ ਮਨਜ਼ੂਰੀਆਂ ਜਾਰੀ ਕੀਤੀਆਂ।
ਉਨ੍ਹਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਫੋਰਟਿਸ ਜਲੰਧਰ ਵਿੱਚ ਨਵਾਂ ਹਸਪਤਾਲ ਸ਼ੁਰੂ ਕਰਨ ਜਾ ਰਿਹਾ ਹੈ ਅਤੇ ਅੰਮ੍ਰਿਤਸਰ ਵਿੱਚ ਹੋਰ ਨਿਵੇਸ਼ ਕੀਤਾ ਜਾਵੇਗਾ, ਜਿਸ ਨਾਲ ਸੂਬੇ ਵਿੱਚ ਸਿਹਤ ਸੇਵਾਵਾਂ ਦਾ ਦਾਇਰਾ ਵਧੇਗਾ।