ਕਪੂਰਥਲਾ :- ਪਿੰਡ ਮਕਸੂਦਪੁਰ ਦੀ ਸਾਬਕਾ ਸਰਪੰਚ ਸੁਖਵਿੰਦਰ ਕੌਰ ਪਤਨੀ ਰਜਿੰਦਰ ਸਿੰਘ ਨੇ ਬਿਆਸ ਦਰਿਆ ਵਿੱਚ ਛਾਲ ਮਾਰ ਕੇ ਜੀਵਨਲੀਲਾ ਸਮਾਪਤ ਕਰ ਲਈ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋ ਸਕੀ। ਸੁਖਵਿੰਦਰ ਕੌਰ ਦੇ ਤਿੰਨ ਵਿਆਹੇ ਹੋਏ ਬੱਚੇ ਹਨ ਜੋ ਵਿਦੇਸ਼ ਵਿੱਚ ਰਹਿੰਦੇ ਹਨ। ਖੁਦਕੁਸ਼ੀ ਦੇ ਕਾਰਣਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ।
ਪਤੀ ਦੇ ਹਸਪਤਾਲ ਜਾਣ ਤੋਂ ਬਾਅਦ ਵਾਪਰਿਆ ਹਾਦਸਾ
ਰਜਿੰਦਰ ਸਿੰਘ ਦੇ ਅਨੁਸਾਰ, ਉਸ ਦੀ ਪਤਨੀ ਤੜਕੇ 2 ਵਜੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਗਈ ਅਤੇ ਘਰ ਆ ਕੇ ਉਸ ਨੂੰ ਦੁੱਧ ਤੇ ਰੋਟੀ ਦਿੱਤੀ। ਉਸ ਨੇ ਪਤੀ ਨੂੰ ਆਪਣੀ ਦਵਾਈ ਲੈਣ ਲਈ ਹਸਪਤਾਲ ਜਾਣ ਦੀ ਸਲਾਹ ਦਿੱਤੀ। ਉਸ ਦੇ ਜਾਣ ਮਗਰੋਂ ਸੁਖਵਿੰਦਰ ਕੌਰ ਬੱਸ ਰਾਹੀਂ ਬਿਆਸ ਦਰਿਆ ਪਹੁੰਚ ਗਈ।
ਛਾਲ ਮਾਰਨ ਤੋਂ ਪਹਿਲਾਂ ਕੀਤੀ ਅਰਦਾਸ, ਪੁਲਿਸ ਵੱਲੋਂ ਤਫਤੀਸ਼ ਜਾਰੀ
ਘਟਨਾ ਸਥਾਨ ‘ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਸੁਖਵਿੰਦਰ ਕੌਰ ਜੁੱਤੀ ਲਾ ਕੇ ਅਰਦਾਸ ਕਰ ਰਹੀ ਸੀ। ਉਸ ਨੇ ਸਮਝਿਆ ਕਿ ਸ਼ਾਇਦ ਹੜ੍ਹਾਂ ਕਾਰਨ ਪਾਣੀ ਘਟਣ ਲਈ ਅਰਦਾਸ ਕਰ ਰਹੀ ਹੈ। ਕੁਝ ਸਮੇਂ ਬਾਅਦ ਉਸ ਨੇ ਦਰਿਆ ਵਿੱਚ ਛਾਲ ਮਾਰ ਦਿੱਤੀ। ਪੁਲਿਸ ਨੇ ਸ਼ਨਾਖਤੀ ਕਾਰਡ ਰਾਹੀਂ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।