ਅੰਮ੍ਰਿਤਸਰ :- ਪੰਜਾਬ ਵਿਚ ਪਹਿਲੀ ਵਾਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸੜਕ ‘ਤੇ ਆਵਾਰਾ ਗਾਂ ਨਾਲ ਟੱਕਰ ਹੋਣ ਕਾਰਨ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਸਰਕਾਰੀ ਪੱਖੋਂ ਮੁਆਵਜ਼ਾ ਦਿੱਤਾ ਗਿਆ ਹੈ। ਇਹ ਵਾਕਿਆ ਅੰਮ੍ਰਿਤਸਰ ਦੇ ਵਸਨੀਕ ਸੁਲਭ ਅਰੋੜਾ ਨਾਲ ਸਬੰਧਤ ਹੈ, ਜਿਨ੍ਹਾਂ ਦੀ ਮੌਤ 2 ਜੁਲਾਈ 2024 ਨੂੰ ਘਰ ਵਾਪਸੀ ਦੌਰਾਨ ਹੋਈ। ਰਾਤ ਦੇ ਸਮੇਂ ਉਹ ਆਪਣੀ ਗੱਡੀ ‘ਚ ਸਵਾਰ ਸਨ ਕਿ ਇੱਕ ਆਵਾਰਾ ਗਾਂ ਅਚਾਨਕ ਸੜਕ ’ਤੇ ਆ ਗਈ ਅਤੇ ਭਿਆਨਕ ਟੱਕਰ ਹੋ ਗਈ।
ਪਰਿਵਾਰ ਨੇ ਇਕ ਸਾਲ ਤੱਕ ਕੀਤਾ ਸੰਘਰਸ਼, ਆਖਰਕਾਰ ਮਿਲਿਆ ਇਨਸਾਫ਼
ਸੁਲਭ ਅਰੋੜਾ ਦੇ ਪਰਿਵਾਰ ਨੇ ਹਾਦਸੇ ਤੋਂ ਬਾਅਦ ਮੁਆਵਜ਼ੇ ਦੀ ਮੰਗ ਲਈ ਅਰਜ਼ੀਆਂ ਦਿੱਤੀਆਂ ਪਰ ਲੰਬੇ ਸਮੇਂ ਤੱਕ ਕੋਈ ਸੁਣਵਾਈ ਨਹੀਂ ਹੋਈ। ਹਤਾਸ਼ ਹੋ ਕੇ ਪਰਿਵਾਰ ਨੇ ਡੀਸੀ ਦਫ਼ਤਰ ਅੱਗੇ ਭੁੱਖ ਹੜਤਾਲਾਂ ਕੀਤੀਆਂ ਅਤੇ ਸਰਕਾਰੀ ਦਰਵਾਜ਼ਿਆਂ ‘ਤੇ ਨੱਥੀ ਰਹੇ। ਅੱਜ, ਇੱਕ ਸਾਲ ਤੋਂ ਬਾਅਦ, ਜਦੋਂ ਮੁਆਵਜ਼ੇ ਦੀ ਰਕਮ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਪਹੁੰਚੀ, ਤਾਂ ਪਰਿਵਾਰ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ ਧੰਨਵਾਦ ਕਰਨ ਲਈ ਜਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ।
ਰਾਸ਼ਟਰੀ ਗਊ ਸੰਘ ਦੇ ਮੁੱਖੀ ਡਾ. ਰੋਮਨ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ ਵੀ ਪਰਿਵਾਰ ਦੀ ਅਵਾਜ਼ ਉਚੀ ਚੁੱਕੀ ਅਤੇ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਲਗਾਤਾਰ ਸੰਘਰਸ਼ ਕੀਤਾ।
“ਇਹ ਕੇਸ ਸਿਰਫ਼ ਇੱਕ ਵਿਅਕਤੀ ਦੀ ਮੌਤ ਤੱਕ ਸੀਮਿਤ ਨਹੀਂ, ਇਹ ਸੂਬੇ ਵਿੱਚ ਆਵਾਰਾ ਪਸ਼ੂਆਂ ਦੀ ਉਗਰ ਸਮੱਸਿਆ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਵੀ ਉਜਾਗਰ ਕਰਦਾ ਹੈ,” ਉਨ੍ਹਾਂ ਨੇ ਕਿਹਾ।
ਮ੍ਰਿਤਕ ਦੀ ਪਤਨੀ ਮਨੀਸ਼ਾ ਅਰੋੜਾ ਨੇ ਭਾਵੁਕ ਹੋ ਕੇ ਕਿਹਾ, “ਇਹ ਲੜਾਈ ਪੈਸਿਆਂ ਲਈ ਨਹੀਂ ਸੀ। ਇਹ ਇਨਸਾਫ਼ ਦੀ ਲੜਾਈ ਸੀ, ਜੋ ਅੱਜ ਜਿੱਤ ਲਈ ਗਈ।” ਉਨ੍ਹਾਂ ਹੋਰ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਕਿ ਆਪਣਾ ਹੱਕ ਲੈਣ ਲਈ ਡਰੋ ਨਾ, ਜਾਗਰੂਕ ਬਣੋ ਅਤੇ ਆਵਾਜ਼ ਚੁੱਕੋ।