ਬਰਨਾਲਾ :- ਪੰਜਾਬ ਵਿੱਚ ਘਣੀ ਧੁੰਦ ਸੜਕਾਂ ਉੱਤੇ ਸਫ਼ਰ ਕਰ ਰਹੇ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ। ਬਰਨਾਲਾ–ਬਾਜਾਖਾਨਾ ਮੁੱਖ ਮਾਰਗ ’ਤੇ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ।
ਤੇਜ਼ ਰਫ਼ਤਾਰ ਬੱਸ ਨੇ ਪਿੱਛੋਂ ਮਾਰੀ ਟੱਕਰ
ਮਿਲੀ ਜਾਣਕਾਰੀ ਮੁਤਾਬਕ ਧੁੰਦ ਕਾਰਨ ਦ੍ਰਿਸ਼ਟਤਾ ਘੱਟ ਹੋਣ ਦੌਰਾਨ ਇੱਕ ਨਿੱਜੀ ਬੱਸ ਨੇ ਅੱਗੇ ਜਾ ਰਹੀ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਮੋਟਰਸਾਈਕਲ ਸਵਾਰ ਸੜਕ ’ਤੇ ਡਿੱਗ ਪਏ।
ਇਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
ਹਾਦਸੇ ਵਿੱਚ 31 ਸਾਲਾ ਪ੍ਰਵਾਸੀ ਮਜ਼ਦੂਰ ਕਪਿਲ ਯਾਦਵ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਲੱਤ ਟੁੱਟ ਗਈ ਹੈ ਅਤੇ ਉਹ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਪਰਿਵਾਰ ਉੱਤੇ ਟੁੱਟਿਆ ਦੁੱਖਾਂ ਦਾ ਪਹਾੜ
ਮ੍ਰਿਤਕ ਕਪਿਲ ਯਾਦਵ ਮੂਲ ਰੂਪ ਵਿੱਚ ਅਰਰੀਆ ਜ਼ਿਲ੍ਹਾ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਮਿਹਨਤ-ਮਜ਼ਦੂਰੀ ਕਰ ਰਿਹਾ ਸੀ। ਉਹ ਆਪਣੇ ਮਾਪਿਆਂ, ਪਤਨੀ ਅਤੇ ਤਿੰਨ ਨਾਬਾਲਿਗ ਬੱਚਿਆਂ ਦੀ ਰੋਜ਼ੀ-ਰੋਟੀ ਦਾ ਇਕੱਲਾ ਸਹਾਰਾ ਸੀ।
ਇਨਸਾਫ਼ ਦੀ ਮੰਗ
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਨਿੱਜੀ ਬੱਸ ਡਰਾਈਵਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ, ਤਾਂ ਜੋ ਮ੍ਰਿਤਕ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਅਤੇ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗੇ।

