ਚੰਡੀਗੜ੍ਹ :- ਪੰਜਾਬ ਵਿੱਚ ਹੜ੍ਹ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ, ਪਰ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਹਜੇ ਵੀ ਖਤਮ ਨਹੀਂ ਹੋਈਆਂ। ਸਿਹਤ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਹੜ੍ਹ ਦੇ ਬਾਅਦ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੱਧ ਗਿਆ ਹੈ।
ਡੇਂਗੂ, ਹੈਜ਼ਾ, ਹੈਪੇਟਾਈਟਸ ਏ ਅਤੇ ਈ ਦੇ ਫੈਲਣ ਦਾ ਅਲਰਟ
ਅਧਿਕਾਰੀਆਂ ਦੇ ਮੁਤਾਬਕ ਚਮੜੀ ਦੇ ਰੋਗਾਂ ਤੋਂ ਲੈ ਕੇ ਪਾਣੀ ਅਤੇ ਭੋਜਨ ਰਾਹੀਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡੇਂਗੂ, ਹੈਜ਼ਾ, ਟਾਈਫਾਇਡ, ਦਸਤ ਅਤੇ ਹੈਪੇਟਾਈਟਸ ਏ ਤੇ ਈ ਦਾ ਖ਼ਤਰਾ ਵਧ ਰਿਹਾ ਹੈ। ਸਾਫ਼ ਪਾਣੀ ਦੀ ਘਾਟ, ਅਸੁਰੱਖਿਅਤ ਖੁਰਾਕ, ਲੰਬੇ ਸਮੇਂ ਤੱਕ ਖੜ੍ਹੇ ਪਾਣੀ ਨਾਲ ਸੰਪਰਕ ਅਤੇ ਸਫਾਈ ਸਹੂਲਤਾਂ ਦੀ ਕਮੀ ਇਸਦੇ ਵੱਡੇ ਕਾਰਨ ਹਨ।
ਮੌਤਾਂ ਦੀ ਗਿਣਤੀ 48 ’ਤੇ, ਫਸਲਾਂ ਵੀ ਬਰਬਾਦ
ਹੜ੍ਹਾਂ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਅੰਕੜਾ 48 ਤੱਕ ਪਹੁੰਚ ਗਿਆ ਹੈ। ਲਗਭਗ 1.76 ਲੱਖ ਹੈਕਟੇਅਰ ਖੇਤਰ ਵਿੱਚ ਫਸਲਾਂ ਨਾਸ਼ ਹੋ ਗਈਆਂ ਹਨ।
ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਕਾਬੂ ’ਚ
8 ਸਤੰਬਰ ਦੀ ਤਾਜ਼ਾ ਜਾਣਕਾਰੀ ਮੁਤਾਬਕ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1677.39 ਫੁੱਟ ਹੈ, ਜੋ ਖਤਰੇ ਦੇ ਨਿਸ਼ਾਨ 1680 ਫੁੱਟ ਤੋਂ ਲਗਭਗ 2.60 ਫੁੱਟ ਘੱਟ ਹੈ। ਡੈਮ ਦੇ ਚਾਰ ਫਲੱਡ ਗੇਟ ਸੱਤ-ਸੱਤ ਫੁੱਟ ਖੋਲ੍ਹੇ ਗਏ ਹਨ। ਪਾਣੀ ਦੀ ਆਮਦ 55,388 ਕਿਊਸਿਕ ਹੈ, ਜਦਕਿ ਟਰਬਾਈਨਾਂ ਤੇ ਗੇਟਾਂ ਰਾਹੀਂ 66,863 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਸਤਲੁਜ ਦਰਿਆ ਵਿੱਚ ਇਸ ਸਮੇਂ 47,000 ਕਿਊਸਿਕ ਪਾਣੀ ਵਗ ਰਿਹਾ ਹੈ।
12 ਦਿਨਾਂ ਬਾਅਦ ਸਕੂਲ ਖੁੱਲ੍ਹਣ ਲਈ ਤਿਆਰ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ 12 ਦਿਨਾਂ ਬਾਅਦ ਕੱਲ੍ਹ ਤੋਂ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਤੇ ਏਡਿਡ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਖੁੱਲ੍ਹਣਗੀਆਂ। ਜਿੱਥੇ ਹੜ੍ਹ ਦਾ ਅਸਰ ਬਰਕਰਾਰ ਹੈ, ਉੱਥੇ ਬੰਦ ਕਰਨ ਦਾ ਫ਼ੈਸਲਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਲੈਣਗੇ। 9 ਸਤੰਬਰ ਤੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਸ਼ੁਰੂ ਹੋਵੇਗੀ।
ਸਕੂਲਾਂ ਵਿੱਚ ਸਫ਼ਾਈ ਤੇ ਸੁਰੱਖਿਆ ’ਤੇ ਜੋਰ
ਪ੍ਰਾਈਵੇਟ ਸਕੂਲਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਇਮਾਰਤਾਂ ਅਤੇ ਕਲਾਸਰੂਮ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੋਣ। 8 ਸਤੰਬਰ ਨੂੰ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ, ਪਰ ਅਧਿਆਪਕ ਹਾਜ਼ਰ ਰਹਿ ਕੇ ਸਫ਼ਾਈ ਕਾਰਵਾਈ ਵਿੱਚ ਹਿੱਸਾ ਲੈਣਗੇ। ਇਹ ਕੰਮ ਐਸਐਮਸੀ, ਪੰਚਾਇਤਾਂ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਨਾਲ ਕੀਤਾ ਜਾਵੇਗਾ।