ਚੰਡੀਗੜ੍ਹ :- ਮੌਸਮ ਵਿਭਾਗ ਨੇ 2 ਤੋਂ 7 ਸਤੰਬਰ ਤੱਕ ਪੰਜਾਬ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕਰਦਿਆਂ ਰੈੱਡ ਅਲਰਟ ਘੋਸ਼ਿਤ ਕੀਤਾ ਹੈ। ਜਲੰਧਰ, ਪਟਿਆਲਾ, ਸੰਘਰੂਰ, ਮੋਹਾਲੀ, ਚੰਡੀਗੜ੍ਹ, ਗੁਰਦਾਸਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਤੀਬਰ ਮੀਂਹ ਪੈਣ ਦੀ ਸੰਭਾਵਨਾ ਹੈ।
ਨਦੀਆਂ ਦੇ ਨੇੜੇ ਸਾਵਧਾਨ ਰਹਿਣ ਦੀ ਅਪੀਲ
ਪ੍ਰਸ਼ਾਸਨ ਨੇ ਲੋਕਾਂ ਨੂੰ ਖ਼ਾਸ ਤੌਰ ‘ਤੇ ਨਦੀਆਂ ਦੇ ਨੇੜੇ ਬੇਹੱਦ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਇਨ੍ਹਾਂ ਦਾ ਪਾਣੀ ਪਹਿਲਾਂ ਹੀ ਉਫਾਨ ’ਤੇ ਹੈ। ਇਸੇ ਦੌਰਾਨ, ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਰੀ ਬਾਰਿਸ਼ ਦੀ ਸੰਭਾਵਨਾ ਕਾਰਨ ਪੰਜਾਬ ਵਿੱਚ ਪਾਣੀ ਪੱਧਰ ਹੋਰ ਵਧ ਸਕਦਾ ਹੈ।
36 ਮੌਤਾਂ, ਮਾਝਾ ਤੇ ਦੋਆਬੇ ਵਿੱਚ ਸਭ ਤੋਂ ਵੱਧ ਪ੍ਰਭਾਵ
ਮਾਝਾ ਅਤੇ ਦੋਆਬਾ ਖੇਤਰਾਂ ਵਿੱਚ ਹੜ੍ਹ ਅਤੇ ਬਾਰਿਸ਼ ਸੰਬੰਧੀ ਘਟਨਾਵਾਂ ਵਿੱਚ ਹੁਣ ਤੱਕ 36 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਰਫ਼ ਹੁਸ਼ਿਆਰਪੁਰ ਵਿੱਚ 7 ਲੋਕਾਂ ਦੀ ਜਾਨ ਗਈ ਹੈ, ਜਦਕਿ ਹੋਰ ਮਾਮਲਿਆਂ ਵਿੱਚ ਛੱਤਾਂ ਡਿੱਗਣ ਅਤੇ ਡੁੱਬਣ ਨਾਲ ਮੌਤਾਂ ਹੋਈਆਂ ਹਨ।
ਸੀ.ਐੱਮ. ਭਗਵੰਤ ਸਿੰਘ ਮਾਨ ਵੱਲੋਂ ਮਦਦ ਐਲਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮ੍ਰਿਤਕਾਂ ਪ੍ਰਤੀ ਦੁੱਖ ਪ੍ਰਗਟਾਇਆ ਹੈ ਅਤੇ ਹਰ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਦੀ ਮੁਆਵਜ਼ਾ ਰਕਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਥਿਤੀ ’ਤੇ ਕੜੀ ਨਿਗਰਾਨੀ ਕਰ ਰਹੀ ਹੈ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਤੇਜ਼ ਕੀਤੇ ਜਾ ਰਹੇ ਹਨ।
ਐਮਰਜੈਂਸੀ ਟੀਮਾਂ ਹਾਈ ਅਲਰਟ ’ਤੇ
ਮੌਸਮ ਵਿਭਾਗ ਵੱਲੋਂ ਤੁਰੰਤ ਰਾਹਤ ਦੀ ਸੰਭਾਵਨਾ ਨਾ ਹੋਣ ਕਾਰਨ ਐਮਰਜੈਂਸੀ ਟੀਮਾਂ ਨੂੰ ਚੌਕਸੀ ‘ਤੇ ਰੱਖਿਆ ਗਿਆ ਹੈ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਰਹਿਣ ਵਾਲਿਆਂ ਨੂੰ ਹੋਰ ਵੱਧ ਵਿਘਨਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਗਈ ਹੈ।