ਚੰਡੀਗੜ੍ਹ :- ਸੂਬੇ ਦੇ ਤਿੰਨਾਂ ਵੱਡੇ ਡੈਮਾਂ — ਭਾਖੜਾ, ਪੌਂਗ ਅਤੇ ਰਣਜੀਤ ਸਾਗਰ — ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਜਾਂ ਉਸ ਤੋਂ ਉੱਪਰ ਚੱਲ ਰਿਹਾ ਹੈ। ਵੀਰਵਾਰ ਨੂੰ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 14 ਫੁੱਟ ਉੱਪਰ ਰਿਹਾ, ਜਦਕਿ ਭਾਖੜਾ ਡੈਮ ਸਿਰਫ਼ ਇਕ ਫੁੱਟ ਦੂਰ ਹੈ। ਭਾਖੜਾ ਦੇ ਫਲੱਡ ਗੇਟ 10 ਫੁੱਟ ਤੱਕ ਖੋਲ੍ਹੇ ਜਾਣ ਕਾਰਨ ਸਤਲੁਜ ਦਰਿਆ ਦੇ ਨੇੜਲੇ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖ਼ਤਰਾ ਹੋਰ ਵਧ ਗਿਆ ਹੈ।
ਧੁੱਸੀ ਬੰਨ੍ਹਾਂ ਦੀ ਕਮਜ਼ੋਰੀ ਨਾਲ ਵਧਿਆ ਖ਼ਤਰਾ
ਲੁਧਿਆਣਾ ਵਿੱਚ ਪੰਜ ਥਾਵਾਂ ‘ਤੇ ਸਤਲੁਜ ਕੰਢੇ ਬਣੇ ਧੁੱਸੀ ਬੰਨ੍ਹ ਕਮਜ਼ੋਰ ਹੋ ਗਏ ਹਨ। ਪਿੰਡ ਸਸਰਾਲੀ ‘ਚ ਫੌਜ ਦੀ ਮਦਦ ਨਾਲ 200 ਮੀਟਰ ਪਿੱਛੇ ਰਿੰਗ ਬੰਨ੍ਹ ਬਣਾਉਣ ਦਾ ਕੰਮ ਜਾਰੀ ਹੈ। ਤਰਨਤਾਰਨ ਦੇ ਹਰੀਕੇ ਹੈੱਡਵਰਕਸ ‘ਚ ਸਤਲੁਜ ਤੇ ਬਿਆਸ ਦੇ ਪਾਣੀ ਇਕੱਠੇ ਹੋਣ ਨਾਲ ਧੁੱਸੀ ਬੰਨ੍ਹ ਟੁੱਟਣ ਦਾ ਖ਼ਤਰਾ ਮੰਡਰਾ ਰਿਹਾ ਹੈ।
ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਵਿੱਚ ਹਾਲਾਤ ਖ਼ਰਾਬ
ਫਾਜ਼ਿਲਕਾ ਦੇ ਕਈ ਪਿੰਡਾਂ ਵਿੱਚ ਪਾਣੀ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ। ਹੁਸੈਨੀਵਾਲਾ ਹੈੱਡ ਤੋਂ 3.30 ਲੱਖ ਕਿਊਸਿਕ ਪਾਣੀ ਛੱਡਣ ਮਗਰੋਂ ਫਾਜ਼ਿਲਕਾ ਵਿੱਚ ਪਾਣੀ ਦਾ ਪੱਧਰ ਇੱਕ ਫੁੱਟ ਹੋਰ ਵੱਧ ਗਿਆ। ਫ਼ਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ।
ਘੱਗਰ ਦਰਿਆ ਨੇ ਵਧਾਈ ਮੁਸੀਬਤ
ਪਟਿਆਲਾ, ਸੰਗਰੂਰ ਅਤੇ ਮਾਨਸਾ ਇਲਾਕਿਆਂ ‘ਚੋਂ ਲੰਘਦਾ ਘੱਗਰ ਦਰਿਆ ਵੀ ਖ਼ਤਰਾ ਬਣ ਗਿਆ ਹੈ। ਪਟਿਆਲਾ ਦੇ ਘਨੌਰ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਪਾਣੀ ਘਰਾਂ ਤੱਕ ਪਹੁੰਚ ਚੁੱਕਾ ਹੈ। ਘੱਗਰ ਦਾ ਪਾਣੀ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ ਵਿੱਚ ਵੀ ਪਾੜ ਪਾ ਗਿਆ ਹੈ। ਇਸ ਕਾਰਨ ਘਨੌਰ-ਅੰਬਾਲਾ ਸੜਕ ‘ਤੇ ਆਵਾਜਾਈ ਰੋਕ ਦਿੱਤੀ ਗਈ ਹੈ।
ਰਾਵੀ ਦਰਿਆ ਕੰਢੇ ਹਾਲਾਤ
ਰਾਵੀ ਦਰਿਆ ਨਾਲ ਲੱਗਦੇ ਗੁਰਦਾਸਪੁਰ ਦੇ 324 ਪਿੰਡ ਹੜ੍ਹ ਦੀ ਚਪੇਟ ਵਿੱਚ ਹਨ। ਇੱਥੇ 5581 ਲੋਕਾਂ ਨੂੰ ਹੈਲੀਕਾਪਟਰ ਤੇ ਕਿਸ਼ਤੀਆਂ ਰਾਹੀਂ ਬਚਾਇਆ ਗਿਆ ਹੈ। ਫਸਲਾਂ, ਰਾਸ਼ਨ ਅਤੇ ਘਰਾਂ ਨੂੰ ਵੱਡਾ ਨੁਕਸਾਨ ਹੋਇਆ ਹੈ।
ਹੁਣ ਤੱਕ 39 ਲੋਕਾਂ ਦੀ ਮੌਤ
ਸੂਬੇ ‘ਚ ਹੜ੍ਹਾਂ ਨੇ ਹੁਣ ਤੱਕ 39 ਜਾਨਾਂ ਲੈ ਲਈਆਂ ਹਨ। 16,985 ਪਿੰਡ ਹੜ੍ਹ ਦੀ ਲਪੇਟ ਵਿੱਚ ਹਨ ਅਤੇ 3.80 ਲੱਖ ਹੈਕਟੇਅਰ ਫਸਲ ਨਸ਼ਟ ਹੋ ਚੁੱਕੀ ਹੈ। ਰਾਹਤ ਲਈ ਫ਼ੌਜ, ਹਵਾਈ ਫ਼ੌਜ, ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਲੱਗੀਆਂ ਹਨ। 30 ਤੋਂ ਵੱਧ ਹੈਲੀਕਾਪਟਰ ਅਤੇ ਸੈਂਕੜੇ ਕਿਸ਼ਤੀਆਂ ਵਰਤੀ ਜਾ ਰਹੀਆਂ ਹਨ।
ਡੈਮਾਂ ਦੀ ਮੌਜੂਦਾ ਸਥਿਤੀ
ਭਾਖੜਾ ਡੈਮ: ਖ਼ਤਰੇ ਦਾ ਨਿਸ਼ਾਨ – 1680 ਫੁੱਟ | ਮੌਜੂਦਾ ਪੱਧਰ – 1679 ਫੁੱਟ
ਪੌਂਗ ਡੈਮ: ਖ਼ਤਰੇ ਦਾ ਨਿਸ਼ਾਨ – 1380 ਫੁੱਟ | ਮੌਜੂਦਾ ਪੱਧਰ – 1394 ਫੁੱਟ
ਰਣਜੀਤ ਸਾਗਰ ਡੈਮ: ਖ਼ਤਰੇ ਦਾ ਨਿਸ਼ਾਨ – 527 ਫੁੱਟ | ਮੌਜੂਦਾ ਪੱਧਰ – 527.05 ਫੁੱਟ