ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਦਾ ਹੜ੍ਹ ਸੰਕਟ ‘ਤੇ ਬੁਲਾਇਆ ਗਿਆ ਵਿਸ਼ੇਸ਼ ਸੈਸ਼ਨ ਅੱਜ ਦੂਜੇ ਤੇ ਆਖਰੀ ਦਿਨ ‘ਚ ਪਹੁੰਚਿਆ। ਇਸ ਦੌਰਾਨ ਸਦਨ ‘ਚ ਹੜ੍ਹਾਂ ਕਾਰਨ ਹੋਏ ਨੁਕਸਾਨ ਅਤੇ ਰਾਹਤ ਪ੍ਰਬੰਧਾਂ ਬਾਰੇ ਚਰਚਾ ਹੋਈ।
ਮਾਨ ਨੇ ਕੀਤਾ ਵੱਡਾ ਐਲਾਨ : 15 ਅਕਤੂਬਰ ਤੋਂ ਮਿਲਣਗੇ ਚੈਕ
ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੜ੍ਹ ਪਾਣੀ ਤੋਂ ਬਚਾਅ ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਅਤੇ ਹੁਣ ਸਰਕਾਰ ਦਾ ਧਿਆਨ ਪੀੜਤਾਂ ਦੇ ਮੁੜ ਵਸੇਬੇ ‘ਤੇ ਹੈ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੀ ਦੀਵਾਲੀ (20 ਅਕਤੂਬਰ) ਤੋਂ ਪਹਿਲਾਂ ਹੀ ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਮਦਦ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ ਕਿ 15 ਅਕਤੂਬਰ ਤੋਂ ਕਿਸਾਨਾਂ ਅਤੇ ਹੜ੍ਹ ਪੀੜਤ ਪਰਿਵਾਰਾਂ ਨੂੰ ਫਸਲਾਂ, ਪਸ਼ੂਆਂ ਅਤੇ ਹੋਰ ਨੁਕਸਾਨ ਲਈ ਮੁਆਵਜ਼ੇ ਦੇ ਚੈਕ ਵੰਡਣੇ ਸ਼ੁਰੂ ਕੀਤੇ ਜਾਣਗੇ।
ਕਿਸਾਨਾਂ ਲਈ ਵੱਖਰੀ ਵਿੱਤੀ ਮਦਦ
ਮਾਨ ਨੇ ਦੱਸਿਆ ਕਿ ਪ੍ਰਭਾਵਿਤ ਕਿਸਾਨਾਂ ਲਈ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇਗੀ। ਰੇਤ ਨਾਲ ਭਰੀ ਖੇਤੀਬਾੜੀ ਜ਼ਮੀਨ ਨੂੰ ਸਾਫ਼ ਕਰਨ ਲਈ ਪ੍ਰਤੀ ਏਕੜ 7,200 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਜਿੱਥੇ ਜ਼ਮੀਨ ਵਹਿ ਗਈ ਹੈ ਉਥੇ ਪ੍ਰਤੀ ਏਕੜ 18,800 ਰੁਪਏ ਦੀ ਭਰਪਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਬੀਨ ਖੇਤਰਾਂ ਲਈ ਮੁੱਖ ਮੰਤਰੀ ਰਾਹਤ ਫੰਡ ‘ਚੋਂ ਪਹਿਲਾਂ ਹੀ 4.5 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।
ਬਚਾਅ ਕਾਰਜਾਂ ‘ਚ ਸਹਿਯੋਗ ਲਈ ਧੰਨਵਾਦ
ਮੁੱਖ ਮੰਤਰੀ ਨੇ ਸਦਨ ‘ਚ ਹੜ੍ਹ ਦੌਰਾਨ ਰਾਹਤ ਅਤੇ ਬਚਾਅ ਕਾਰਜਾਂ ‘ਚ ਸ਼ਾਮਲ ਐਨਡੀਆਰਐਫ, ਭਾਰਤੀ ਫੌਜ, ਐਨਜੀਓਜ਼ ਅਤੇ ਹੋਰ ਰਾਜਾਂ ਤੋਂ ਮਦਦ ਲਈ ਪਹੁੰਚੇ ਲੋਕਾਂ ਦਾ ਖਾਸ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਫੌਜ ਨੇ 20 ਹੈਲੀਕਾਪਟਰ ਅਤੇ ਕਿਸ਼ਤੀਆਂ ਪ੍ਰਦਾਨ ਕੀਤੀਆਂ, ਜਿਸ ਨਾਲ ਕਈ ਲੋਕਾਂ ਦੀ ਜਾਨ ਬਚਾਈ ਜਾ ਸਕੀ।
ਮਾਨ ਨੇ ਦੱਸਿਆ ਕਿ ਕਈ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਨੇ ਵੀ ਰਾਜਨੀਤਿਕ ਹੱਦਾਂ ਤੋਂ ਉੱਪਰ ਚੜ੍ਹ ਕੇ ਪੀੜਤਾਂ ਦੀ ਮਦਦ ਕੀਤੀ।