ਗੁਰਦਾਸਪੁਰ :- ਪੰਜਾਬ ਵਿੱਚ ਲਗਾਤਾਰ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇਸੇ ਕੜੀ ਤਹਿਤ ਗੁਰਦਾਸਪੁਰ ਜ਼ਿਲ੍ਹੇ ਤੋਂ ਸਾਹਮਣੇ ਆਈ ਤਾਜ਼ਾ ਵਾਰਦਾਤ ਨੇ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਕਲੇਰ ਖੁਰਦ ’ਚ ਸਰਕਾਰੀ ਟੀਮ ’ਤੇ ਅਚਾਨਕ ਹਮਲਾ
ਪਿੰਡ ਕਲੇਰ ਖੁਰਦ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਵਾਉਣ ਲਈ ਮੌਕੇ ’ਤੇ ਪਹੁੰਚੀ ਸਰਕਾਰੀ ਟੀਮ ’ਤੇ ਦੂਜੀ ਧਿਰ ਵੱਲੋਂ ਸਿੱਧੀ ਫਾਇਰਿੰਗ ਕਰ ਦਿੱਤੀ ਗਈ। ਅਚਾਨਕ ਹੋਏ ਇਸ ਹਮਲੇ ਕਾਰਨ ਅਧਿਕਾਰੀਆਂ ਨੂੰ ਜਾਨ ਬਚਾਉਣ ਲਈ ਨਜ਼ਦੀਕ ਖੜ੍ਹੇ ਟਰੱਕ ਦੀ ਆੜ ਲੈਣੀ ਪਈ।
ਅਦਾਲਤੀ ਹੁਕਮ ਲਾਗੂ ਕਰਨ ਗਈ ਸੀ ਟੀਮ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਿੰਡ ਦੀ ਲਗਭਗ 7 ਕਨਾਲ 12 ਮਰਲੇ ਪੰਚਾਇਤੀ ਜ਼ਮੀਨ ਨਾਲ ਸਬੰਧਤ ਹੈ, ਜਿਸ ਤੋਂ ਕਬਜ਼ਾ ਹਟਵਾਉਣ ਲਈ ਅਦਾਲਤ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਦੀ ਪਾਲਣਾ ਲਈ ਨਾਇਬ ਤਹਿਸੀਲਦਾਰ, ਕਾਨੂੰਨਗੋ, ਪਟਵਾਰੀ ਅਤੇ ਚਾਰ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਸਨ।
ਕਾਗਜ਼ ਮੰਗਣ ’ਤੇ ਚਲੀਆਂ ਗੋਲੀਆਂ
ਮੌਕੇ ’ਤੇ ਮੌਜੂਦ ਪਟਵਾਰੀ ਦਲਬੀਰ ਸਿੰਘ ਅਤੇ ਕਾਨੂੰਨਗੋ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਦੂਜੀ ਧਿਰ ਤੋਂ ਅਦਾਲਤੀ ਸਟੇਅ ਜਾਂ ਜ਼ਮੀਨ ਸਬੰਧੀ ਦਸਤਾਵੇਜ਼ ਮੰਗੇ ਗਏ, ਤਾਂ ਉਨ੍ਹਾਂ ਵੱਲੋਂ ਕੋਈ ਗੱਲਬਾਤ ਕਰਨ ਦੀ ਬਜਾਏ ਪੁਲਿਸ ਦੀ ਮੌਜੂਦਗੀ ਵਿੱਚ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ।
ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਜਾਨਲੇਵਾ ਹਮਲੇ ਦੇ ਮਾਮਲੇ ਹੇਠ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਸਾਰੇ ਪੱਖਾਂ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।

