ਜਲੰਧਰ :- ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ ਸਥਿਤ ਸ੍ਰੀ ਗੁਰੂਦੁਆਰਾ ਸਾਹਿਬ ਦੇ ਬਾਹਰ ਆਮ ਆਦਮੀ ਪਾਰਟੀ ਦੇ ਆਗੂ ਸਤਵਿੰਦਰ ਪਾਲ ਸਿੰਘ ਓਬਰਾਏ ਉਰਫ਼ ਲੱਕੀ ਓਬਰਾਏ ਦੇ ਕਤਲ ਮਾਮਲੇ ਵਿੱਚ ਦਰਜ ਕੀਤੀ ਗਈ ਐਫਆਈਆਰ ਦੀ ਕਾਪੀ ਸਾਹਮਣੇ ਆ ਗਈ ਹੈ। ਇਹ ਐਫਆਈਆਰ ਥਾਣਾ ਨੰਬਰ 6, ਮਾਡਲ ਟਾਊਨ ਜਲੰਧਰ ਵਿੱਚ ਦਰਜ ਕੀਤੀ ਗਈ ਹੈ, ਜਿਸ ਵਿੱਚ ਕਤਲ ਅਤੇ ਗੈਰਕਾਨੂੰਨੀ ਅਸਲੇ ਨਾਲ ਸੰਬੰਧਤ ਗੰਭੀਰ ਧਾਰਾਵਾਂ ਲਗਾਈਆਂ ਗਈਆਂ ਹਨ।
ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਲਾਗੂ
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਭਾਰਤੀ ਦੰਡ ਸੰਹਿਤਾ ਦੀ ਧਾਰਾ 103(1), 3(5), 61(2) ਦੇ ਨਾਲ-ਨਾਲ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਜੋਗਰਾਜ ਸਿੰਘ ਉਰਫ਼ ਜੋਗਾ ਪੁੱਤਰ ਅਮਰਜੀਤ ਸਿੰਘ ਅਤੇ ਦਲਬੀਰਾ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ ਦੋ ਹੋਰ ਅਣਪਛਾਤੇ ਵਿਅਕਤੀਆਂ ਨੂੰ ਵੀ ਸਾਜ਼ਿਸ਼ ਵਿੱਚ ਸ਼ਾਮਲ ਦੱਸਿਆ ਗਿਆ ਹੈ।
ਸਵੇਰੇ ਗੁਰਦੁਆਰਾ ਸਾਹਿਬ ਆਉਂਦੇ ਹੀ ਹਮਲਾ
ਪੁਲਿਸ ਰਿਕਾਰਡ ਅਨੁਸਾਰ ਇਹ ਘਟਨਾ 6 ਫਰਵਰੀ ਦੀ ਸਵੇਰ ਨੂੰ ਵਾਪਰੀ। ਲੱਕੀ ਓਬਰਾਏ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ 8:15 ਵਜੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਨ ਲਈ ਪਹੁੰਚੇ ਸਨ। ਮੱਥਾ ਟੇਕਣ ਤੋਂ ਬਾਅਦ ਜਿਵੇਂ ਹੀ ਉਹ ਬਾਹਰ ਆ ਕੇ ਆਪਣੀ ਗੱਡੀ ਵੱਲ ਵਧੇ ਅਤੇ ਅੰਦਰ ਬੈਠਣ ਲੱਗੇ, ਉਸੇ ਸਮੇਂ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ।
ਐਕਟਿਵਾ ’ਤੇ ਆਏ ਹਮਲਾਵਰ, ਪਹਿਲਾਂ ਤੋਂ ਰੇਕੀ ਦਾ ਸ਼ੱਕ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰ ਐਕਟਿਵਾ ’ਤੇ ਸਵਾਰ ਹੋ ਕੇ ਘਟਨਾ ਸਥਾਨ ‘ਤੇ ਪਹੁੰਚੇ ਸਨ। ਹਮਲੇ ਦੌਰਾਨ ਇੱਕ ਹੋਰ ਸਾਥੀ ਵੀ ਨੇੜੇ ਹੀ ਐਕਟਿਵਾ ’ਤੇ ਤਿਆਰ ਖੜ੍ਹਾ ਸੀ। ਗੋਲੀਆਂ ਚਲਾਉਣ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੂੰ ਸ਼ੱਕ ਹੈ ਕਿ ਲੱਕੀ ਓਬਰਾਏ ਦੀ ਕਾਫ਼ੀ ਸਮੇਂ ਤੋਂ ਰੇਕੀ ਕੀਤੀ ਜਾ ਰਹੀ ਸੀ।
ਸੀਸੀਟੀਵੀ ਫੁਟੇਜ ਵਿੱਚ ਦੋ ਵਿਅਕਤੀ ਕੈਦ
ਘਟਨਾ ਤੋਂ ਬਾਅਦ ਪੁਲਿਸ ਨੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ, ਜਿਸ ਵਿੱਚ ਚਿੱਟੀ ਐਕਟਿਵਾ ‘ਤੇ ਸਵਾਰ ਦੋ ਵਿਅਕਤੀ ਸਪਸ਼ਟ ਤੌਰ ‘ਤੇ ਦਿਖਾਈ ਦੇ ਰਹੇ ਹਨ। ਪੁਲਿਸ ਵੱਲੋਂ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਦੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ ਅਤੇ ਵੱਖ-ਵੱਖ ਟੀਮਾਂ ਤਲਾਸ਼ ਵਿੱਚ ਜੁੱਟੀਆਂ ਹੋਈਆਂ ਹਨ।
ਹਰ ਕੋਣ ਤੋਂ ਜਾਂਚ, ਜਲਦੀ ਗ੍ਰਿਫ਼ਤਾਰੀ ਦਾ ਦਾਅਵਾ
ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਹਰ ਪੱਖੋਂ ਕੀਤੀ ਜਾ ਰਹੀ ਹੈ। ਸਾਜ਼ਿਸ਼, ਹਮਲੇ ਦੇ ਕਾਰਣ ਅਤੇ ਮੁਲਜ਼ਮਾਂ ਦੀ ਪਿਛੋਕੜ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

