ਨਵੀਂ ਦਿੱਲੀ :- ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਤਣਾਅ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਪਾਕਿਸਤਾਨ ਨੇ ਵੀਰਵਾਰ ਦੇਰ ਰਾਤ ਕਾਬੁਲ ‘ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਅਫਗਾਨਿਸਤਾਨ ਨੇ ਸ਼ਨੀਵਾਰ ਦੇਰ ਰਾਤ ਜਵਾਬੀ ਕਾਰਵਾਈ ਕੀਤੀ। ਦੋਵੇਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਡੁਰੰਡ ਲਾਈਨ ਦੇ ਨੇੜੇ ਭਿਆਨਕ ਝੜਪ ਹੋਈ। ਅਫਗਾਨ ਮੀਡੀਆ ਅਨੁਸਾਰ, ਇਸ ਕਾਰਵਾਈ ਵਿੱਚ 12 ਪਾਕਿਸਤਾਨੀ ਸੈਨਿਕ ਮਾਰੇ ਗਏ। ਸੂਤਰਾਂ ਨੇ ਦੱਸਿਆ ਕਿ ਅਫਗਾਨ ਫੌਜਾਂ ਨੇ ਇੱਕ ਪਾਕਿਸਤਾਨੀ ਟੈਂਕ ਵੀ ਕਬਜ਼ੇ ਵਿੱਚ ਲੈ ਲਿਆ ਹੈ।
ਤਾਲਿਬਾਨ ਬਲਾਂ ਨੇ ਦੋ ਸਰਹੱਦੀ ਚੌਕੀਆਂ ‘ਤੇ ਕੀਤਾ ਕਬਜ਼ਾ
ਸੁਰੱਖਿਆ ਸੂਤਰਾਂ ਮੁਤਾਬਕ, ਅਫਗਾਨਿਸਤਾਨ ਨੇ ਨੰਗਰਹਾਰ ਅਤੇ ਕੁਨਾਰ ਪ੍ਰਾਂਤਾਂ ਵਿੱਚ ਪਾਕਿਸਤਾਨੀ ਚੌਕੀਆਂ ‘ਤੇ ਹਮਲਾ ਕਰਕੇ ਪਾਕਿਸਤਾਨ ਦੇ ਹਵਾਈ ਹਮਲਿਆਂ ਦਾ ਜਵਾਬ ਦਿੱਤਾ। ਕੰਧਾਰ ਸੂਬੇ ਵਿੱਚ ਪੰਜ ਪਾਕਿਸਤਾਨੀ ਸੈਨਿਕਾਂ ਨੇ ਤਾਲਿਬਾਨ ਫੌਜਾਂ ਅੱਗੇ ਆਤਮ ਸਮਰਪਣ ਕਰ ਦਿੱਤਾ। ਤਾਲਿਬਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੇਲਮੰਡ ਖੇਤਰ ਵਿੱਚ ਦੋ ਪਾਕਿਸਤਾਨੀ ਸਰਹੱਦੀ ਚੌਕੀਆਂ ‘ਤੇ ਕਬਜ਼ਾ ਕਰ ਲਿਆ ਹੈ, ਜਿਸਦੀ ਪੁਸ਼ਟੀ ਸਥਾਨਕ ਪ੍ਰਸ਼ਾਸਨ ਨੇ ਵੀ ਕੀਤੀ ਹੈ।
ਪਾਕਿਸਤਾਨ ਨੇ ਮੰਨੀ ਝੜਪਾਂ ਦੀ ਪੁਸ਼ਟੀ, ਪਰ ਇਨਕਾਰ ਕੀਤੇ ਹਵਾਈ ਹਮਲੇ
ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਸਰਹੱਦੀ ਝੜਪਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਾਲਿਬਾਨ ਹਮਲਿਆਂ ਦਾ ਜ਼ੋਰਦਾਰ ਜਵਾਬ ਦਿੱਤਾ। ਦ ਗਾਰਡੀਅਨ ਨਾਲ ਗੱਲਬਾਤ ਵਿੱਚ ਇੱਕ ਪਾਕਿਸਤਾਨੀ ਅਧਿਕਾਰੀ ਨੇ ਦੱਸਿਆ ਕਿ ਤਾਲਿਬਾਨ ਬਲਾਂ ਨੇ ਰਾਤ ਭਰ ਕਈ ਚੌਕੀਆਂ ‘ਤੇ ਗੋਲੀਬਾਰੀ ਕੀਤੀ। ਹਾਲਾਂਕਿ, ਪਾਕਿਸਤਾਨ ਨੇ ਕਾਬੁਲ ‘ਤੇ ਹਵਾਈ ਹਮਲੇ ਕਰਨ ਦੀ ਪੁਸ਼ਟੀ ਨਹੀਂ ਕੀਤੀ।
ਅਫਗਾਨ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਨਾਲ ਵਧਿਆ ਤਣਾਅ
ਦਿਲਚਸਪੀ ਦੀ ਗੱਲ ਇਹ ਹੈ ਕਿ ਇਹ ਝੜਪਾਂ ਉਸ ਸਮੇਂ ਹੋਈਆਂ ਜਦੋਂ ਅਫਗਾਨ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਭਾਰਤ ਦੇ ਦੌਰੇ ‘ਤੇ ਸਨ — 2021 ‘ਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਦੌਰਾ ਸੀ। ਮੰਨਿਆ ਜਾ ਰਿਹਾ ਹੈ ਕਿ ਭਾਰਤ ਅਤੇ ਅਫਗਾਨਿਸਤਾਨ ਦੇ ਰਿਸ਼ਤਿਆਂ ਦੀ ਮਜ਼ਬੂਤੀ ਪਾਕਿਸਤਾਨ ਨੂੰ ਚੁਭ ਰਹੀ ਹੈ, ਜਿਸ ਕਾਰਨ ਉਸ ਨੇ ਹਮਲਾ ਕਰਕੇ ਤਣਾਅ ਹੋਰ ਵਧਾ ਦਿੱਤਾ ਹੈ।