ਮਾਨਸਾ :- ਮਾਨਸਾ ਸ਼ਹਿਰ ਵਿੱਚ ਬੀਤੇ ਦਿਨ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਵੱਲੋਂ ਕੀਤੀ ਗਈ ਫ਼ਾਇਰਿੰਗ ਦੇ ਵਿਰੋਧ ਵਿੱਚ ਅੱਜ ਸ਼ਹਿਰ ਪੂਰੀ ਤਰ੍ਹਾਂ ਬੰਦ ਰੱਖਿਆ ਜਾ ਰਿਹਾ ਹੈ। ਸਥਾਨਕ ਵਾਸੀਆਂ ਅਤੇ ਵਪਾਰੀਆਂ ਨੇ ਸਪੱਸ਼ਟ ਕਿਹਾ ਹੈ ਕਿ ਜਦ ਤੱਕ ਫ਼ਾਇਰਿੰਗ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਸ਼ਾਂਤੀਪੂਰਨ ਢੰਗ ਨਾਲ ਰੋਸ ਜਾਰੀ ਰਹੇਗਾ।
ਬਾਰ ਕੌਂਸਲ ਨੇ ਵੀ ਕੀਤਾ ਸਮਰਥਨ
ਸ਼ਹਿਰ ਵਾਸੀਆਂ ਦੇ ਸਮਰਥਨ ਵਿੱਚ ਮਾਨਸਾ ਬਾਰ ਕੌਂਸਲ ਵੱਲੋਂ ਵੀ ਅੱਜ ਕਾਨੂੰਨੀ ਕੰਮਕਾਜ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਵਕੀਲਾਂ ਦਾ ਕਹਿਣਾ ਹੈ ਕਿ ਭਰੇ ਬਾਜ਼ਾਰ ਵਿੱਚ ਗੋਲੀਬਾਰੀ ਕਰਨਾ ਸ਼ਹਿਰ ਦੀ ਕਾਨੂੰਨੀ ਸੁਰੱਖਿਆ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਫ਼ਾਇਰਿੰਗ ਦੌਰਾਨ ਤਿੰਨ ਵਪਾਰੀ ਨਿਸ਼ਾਨਾ — ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਨਹੀਂ
ਬੀਤੇ ਦਿਨ ਬਦਮਾਸ਼ਾਂ ਨੇ ਤਿੰਨ ਵੱਖ-ਵੱਖ ਵਪਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇੱਕ ਕੀਟਨਾਸ਼ਕ ਦਵਾਈਆਂ ਦੀ ਦੁਕਾਨ ‘ਤੇ ਦੋ ਗੋਲੀਆਂ ਚਲਾਈਆਂ ਗਈਆਂ। ਦੁਕਾਨਦਾਰ ਵਾਲ-ਵਾਲ ਬਚ ਗਿਆ, ਪਰ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਖ਼ੌਫ਼ ਦਾ ਮਾਹੌਲ ਬਣ ਗਿਆ।
CCTV ਕੈਮਰਿਆਂ ਵਿੱਚ ਕੈਦ, ਫਿਰ ਵੀ ਫਰਾਰ
ਬਰਸਾਤੀ ਬਾਜ਼ਾਰ ਖੇਤਰ ਵਿੱਚ ਮੋਟਰਸਾਈਕਲ ਸਵਾਰ ਦੋਸ਼ੀ ਵਾਰਦਾਤ ਦੇ ਤੁਰੰਤ ਬਾਅਦ ਫਰਾਰ ਹੋ ਗਏ। ਰਸਤੇ ਵਿੱਚ ਇੱਕ ਐਕਟਿਵਾ ‘ਤੇ ਸਵਾਰ ਦੋ ਮਹਿਲਾਵਾਂ ਨਾਲ ਵੀ ਉਨ੍ਹਾਂ ਦੀ ਟੱਕਰ ਹੋਈ ਅਤੇ ਚਾਰੇ ਡਿੱਗ ਪਏ, ਪਰ ਫਿਰ ਵੀ ਉਹ ਮੌਕੇ ਤੋਂ ਨਿਕਲ ਗਏ। ਇਹ ਸਾਰਾ ਮਾਮਲਾ ਨੇੜਲੇ CCTV ਕੈਮਰਿਆਂ ਵਿੱਚ ਕੈਦ ਹੋ ਚੁੱਕਾ ਹੈ।
ਕਾਰੋਬਾਰੀ ਵਰਗ ਵਿੱਚ ਭਾਰੀ ਰੋਸ
ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਦੇ ਵਿਚਕਾਰ ਐਨੀ ਆਸਾਨੀ ਨਾਲ ਦਿਨਦਿਹਾੜੇ ਗੋਲੀਆਂ ਚਲਾਈਆਂ ਜਾ ਸਕਦੀਆਂ ਹਨ, ਤਾਂ ਸੁਰੱਖਿਆ ਦੇ ਦਾਅਵਿਆਂ ਦਾ ਕੀ ਅਰਥ ਰਹਿ ਜਾਂਦਾ ਹੈ। ਸ਼ਹਿਰ ਭਰ ਵਿੱਚ ਪੁਲਿਸ ਤੋਂ ਤੁਰੰਤ ਕਾਰਵਾਈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਉੱਚੀ ਹੋ ਰਹੀ ਹੈ।

