ਪਟਿਆਲਾ :- ਪੰਜਾਬ ਵਿੱਚ ਮੌਸਮ ਨੇ ਅਚਾਨਕ ਕਰਵਟ ਲੈਂਦਿਆਂ ਇੱਕ ਵਾਰ ਫਿਰ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਤੜਕੇ ਤੋਂ ਹੀ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਸ਼ੁਰੂ ਹੋ ਗਿਆ, ਜਦਕਿ ਕਈ ਜ਼ਿਲ੍ਹਿਆਂ ਵਿੱਚ ਭਾਰੀ ਗੜ੍ਹੇਮਾਰੀ ਨੇ ਹਾਲਾਤ ਹੋਰ ਗੰਭੀਰ ਬਣਾ ਦਿੱਤੇ। ਕਈ ਥਾਵਾਂ ‘ਤੇ ਗੜ੍ਹਿਆਂ ਕਾਰਨ ਸੜਕਾਂ ਉੱਤੇ ਸਫੈਦ ਚਾਦਰ ਵਰਗੀ ਪਰਤ ਨਜ਼ਰ ਆਈ।
ਪਟਿਆਲਾ ਤੇ ਸਨੌਰ ਖੇਤਰ ਸਭ ਤੋਂ ਵੱਧ ਪ੍ਰਭਾਵਿਤ
ਪਟਿਆਲਾ ਅਤੇ ਸਨੌਰ ਇਲਾਕੇ ਵਿੱਚ ਲਗਾਤਾਰ ਹੋਈ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ। ਖੇਤਾਂ ਵਿੱਚ ਖੜ੍ਹੀ ਕਣਕ, ਸਰੋਂ, ਟਮਾਟਰ ਅਤੇ ਬੈਂਗਣ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਈ ਥਾਵਾਂ ‘ਤੇ ਫਸਲ ਪੂਰੀ ਤਰ੍ਹਾਂ ਡਿੱਗ ਗਈ ਹੈ। ਕਿਸਾਨ ਜਗਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਮੁਤਾਬਕ ਜੇ ਮੌਸਮ ਨੇ ਫਿਰ ਮਾਰ ਮਾਰੀ ਤਾਂ ਨੁਕਸਾਨ ਹੋਰ ਵੀ ਵਧ ਸਕਦਾ ਹੈ।
ਮੋਹਾਲੀ ‘ਚ ਮੀਂਹ ਨਾਲ ਵਧੀ ਠੰਢ
ਮੋਹਾਲੀ ਖੇਤਰ ਵਿੱਚ ਸਵੇਰ ਤੋਂ ਲਗਾਤਾਰ ਪੈ ਰਹੀ ਬਰਸਾਤ ਨੇ ਮੌਸਮ ਨੂੰ ਫਿਰ ਤੋਂ ਠੰਢਾ ਕਰ ਦਿੱਤਾ। ਮੌਸਮ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਅਗਲੇ 48 ਘੰਟਿਆਂ ਦੌਰਾਨ ਮੀਂਹ ਦੇ ਨਾਲ ਠੰਢ ਵਧਣ ਦੇ ਆਸਾਰ ਬਣੇ ਹੋਏ ਹਨ।
ਬਨੂੜ ‘ਚ ਗੜ੍ਹੇਮਾਰੀ ਤੇ ਤੇਜ਼ ਹਵਾਵਾਂ
ਬਨੂੜ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਬੱਦਲ ਛਾਏ ਰਹੇ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਤੇ ਗੜ੍ਹੇਮਾਰੀ ਹੋਈ। ਕਿਸਾਨਾਂ ਅਨੁਸਾਰ ਕਣਕ ਅਤੇ ਆਲੂਆਂ ਦੀ ਫਸਲ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਪਹਿਲਾਂ ਹੀ 27 ਅਤੇ 28 ਜਨਵਰੀ ਲਈ ਅਲਰਟ ਜਾਰੀ ਕਰ ਚੁੱਕਾ ਸੀ।
ਬਟਾਲਾ ‘ਚ ਤਾਪਮਾਨ ਵਿੱਚ ਆਈ ਗਿਰਾਵਟ
ਬਟਾਲਾ ਅਤੇ ਨੇੜਲੇ ਇਲਾਕਿਆਂ ਵਿੱਚ ਸਵੇਰੇ ਕਰੀਬ 9 ਵਜੇ ਮੀਂਹ ਸ਼ੁਰੂ ਹੋਇਆ, ਜਿਸ ਨਾਲ ਤਾਪਮਾਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਕੁਝ ਦਿਨ ਪਹਿਲਾਂ ਤਿੱਖੀ ਧੁੱਪ ਨਾਲ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੀ ਸੀ, ਪਰ ਬਰਸਾਤ ਨੇ ਇੱਕ ਵਾਰ ਫਿਰ ਸਰਦੀ ਵਾਪਸ ਲਿਆ ਦਿੱਤੀ।
ਠੰਢ ਨੇ ਫਿਰ ਫੜਿਆ ਜ਼ੋਰ
ਮੀਂਹ ਅਤੇ ਗੜ੍ਹੇਮਾਰੀ ਤੋਂ ਬਾਅਦ ਸੂਬੇ ਭਰ ਵਿੱਚ ਦਿਨ ਦੇ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਮੁਤਾਬਕ 27 ਜਨਵਰੀ ਨੂੰ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ 28 ਜਨਵਰੀ ਦੀ ਸਵੇਰ ਤੱਕ ਵੀ ਮੌਸਮ ਖ਼ਰਾਬ ਰਹਿ ਸਕਦਾ ਹੈ।
ਅਚਾਨਕ ਬਦਲੇ ਮੌਸਮ ਨੇ ਇੱਕ ਪਾਸੇ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਕਿਸਾਨਾਂ ਲਈ ਇਹ ਮੀਂਹ ਤੇ ਗੜ੍ਹੇਮਾਰੀ ਵੱਡੀ ਚਿੰਤਾ ਬਣ ਕੇ ਸਾਹਮਣੇ ਆਈ ਹੈ। ਹੁਣ ਸਭ ਦੀ ਨਜ਼ਰ ਅਗਲੇ ਦੋ ਦਿਨਾਂ ਦੇ ਮੌਸਮ ‘ਤੇ ਟਿਕੀ ਹੋਈ ਹੈ।

