ਫਾਜ਼ਿਲਕਾ :- ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦੀਵਾਨ ਖੇੜਾ ਵਿੱਚ ਇੱਕ ਕਿਸਾਨ ਦੀ ਮਜਬੂਰੀ ਭਰੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਕਿਸਾਨ ਅਜੈ ਵਧਵਾ ਨੇ ਆਪਣੀ ਤਿਆਰ ਆਲੂ ਦੀ ਫਸਲ ਨੂੰ ਖੁਦ ਹੀ ਨਸ਼ਟ ਕਰ ਦਿੱਤਾ। ਕਰੀਬ 6 ਏਕੜ ‘ਚ ਲੱਗੀ ਫਸਲ ‘ਤੇ ਟਰੈਕਟਰ ਚਲਾ ਕੇ ਉਹਨਾਂ ਨੇ ਇਸਨੂੰ ਖੇਤ ਵਿੱਚ ਹੀ ਮਿਟਾ ਦਿੱਤਾ।
ਘਾਟੇ ਨੇ ਤੋੜੀ ਕਿਸਾਨ ਦੀ ਹਿੰਮਤ
ਕਿਸਾਨ ਅਨੁਸਾਰ ਮਾਰਕੀਟ ਵਿੱਚ ਆਲੂਆਂ ਦਾ ਮੁੱਲ ਇੰਨਾ ਘੱਟ ਸੀ ਕਿ ਖਰਚੇ ਕੱਢਣੇ ਵੀ ਮੁਸ਼ਕਿਲ ਹੋ ਰਹੇ ਸਨ। ਪੁਟਾਈ, ਛਾਂਟਾਈ ਅਤੇ ਮੰਡੀ ਤਕ ਪਹੁੰਚਾਉਣ ਦੇ ਖਰਚੇ ਹੀ ਫਸਲ ਦੀ ਕੀਮਤ ਤੋਂ ਵੱਧ ਪੈ ਰਹੇ ਸਨ, ਜਿਸ ਕਰਕੇ ਉਹਨਾਂ ਨੂੰ ਇਹ ਕੜਾ ਫੈਸਲਾ ਲੈਣਾ ਪਿਆ।
ਪਹਿਲਾਂ ਵੀ ਫਸਲਾਂ ਹੋ ਚੁੱਕੀਆਂ ਬਰਬਾਦ
ਅਜੈ ਵਧਵਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਗਾਜਰ ਦੀ ਫਸਲ ਵੀ ਖੇਤ ਵਿੱਚ ਹੀ ਨਸ਼ਟ ਕਰਨੀ ਪਈ ਸੀ। ਕਿੰਨੂ ਦੇ ਬਾਗਾਂ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਉਹਨਾਂ ਨੇ ਸਬਜ਼ੀਆਂ ਵੱਲ ਰੁਝਾਨ ਕੀਤਾ ਸੀ, ਪਰ ਉਥੇ ਵੀ ਲਾਭ ਨਹੀਂ ਮਿਲਿਆ।
ਸਰਕਾਰ ਦੀ ਨੀਤੀ ‘ਤੇ ਉਠੇ ਸਵਾਲ
ਕਿਸਾਨ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਫਸਲੀ ਵਿਵਿਧਤਾ ਦੀ ਗੱਲ ਕਰਦੀ ਹੈ, ਪਰ ਦੂਜੇ ਪਾਸੇ ਮਾਰਕੀਟਿੰਗ ਦੀ ਢੁਕਵੀ ਵਿਵਸਥਾ ਨਾ ਹੋਣ ਕਾਰਨ ਕਿਸਾਨ ਨੁਕਸਾਨ ਝੱਲਣ ‘ਤੇ ਮਜਬੂਰ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਲਈ ਢੁਕਵੀਆਂ ਨੀਤੀਆਂ ਬਣਾਵੇ।
ਹੋਰਟੀਕਲਚਰ ਵਿਭਾਗ ਵੱਲੋਂ ਜਾਂਚ ਦਾ ਭਰੋਸਾ
ਇਸ ਮਾਮਲੇ ‘ਤੇ ਹੋਰਟੀਕਲਚਰ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ਵਿੱਚ ਸਬਜ਼ੀਆਂ ਹੇਠ ਵੱਡਾ ਰਕਬਾ ਹੈ ਅਤੇ ਮਾਰਕੀਟਿੰਗ ਨਾਲ ਜੁੜੀਆਂ ਕੁਝ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪਿੰਡ ਦੀਵਾਨ ਖੇੜਾ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।

