ਗੁਰਦਾਸਪੁਰ :- ਪੰਜਾਬ ਵਿੱਚ ਹੜ੍ਹ ਦੀ ਤਬਾਹੀ ਸਿਰਫ਼ ਇਨਸਾਨਾਂ ਹੀ ਨਹੀਂ, ਪਸ਼ੂਆਂ ਦੀ ਜ਼ਿੰਦਗੀ ਲਈ ਵੀ ਖ਼ਤਰਾ ਬਣੀ ਹੋਈ ਹੈ। ਗੁਰਦਾਸਪੁਰ ਦੇ ਪਿੰਡ ਖੁਸ਼ਹਾਲਪੁਰ ਵਿੱਚ ਅੰਮ੍ਰਿਤਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਆਪਣੇ ਪਰਿਵਾਰ ਅਤੇ ਪਸ਼ੂਆਂ ਨੂੰ ਬਚਾ ਕੇ ਹਿੰਮਤ ਦੀ ਮਿਸਾਲ ਪੇਸ਼ ਕੀਤੀ।
ਹੜ੍ਹ ਦਾ ਪਾਣੀ ਪਿੰਡ ਵੱਲ ਵਧਦਾ ਵੇਖ ਕੇ ਉਠਾਇਆ ਕਦਮ
27 ਅਗਸਤ ਦੀ ਸਵੇਰ ਨੂੰ ਸੁਨੇਹਾ ਮਿਲਣ ‘ਤੇ ਕਿ ਗੁਰਦਾਸਪੁਰ ਪਾਸੇ ਤੋਂ ਤੇਜ਼ ਰਫ਼ਤਾਰ ਨਾਲ ਪਾਣੀ ਵਗਦਾ ਆ ਰਿਹਾ ਹੈ, ਪਰਿਵਾਰ ਨੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਛੱਤ ਉੱਤੇ ਪਹੁੰਚਾਇਆ ਅਤੇ ਜ਼ਰੂਰੀ ਘਰੇਲੂ ਸਮਾਨ ਵੀ ਸੁਰੱਖਿਅਤ ਥਾਂ ‘ਤੇ ਚੁੱਕ ਲਿਆ।
ਤਿੰਨ ਗਊਆਂ ਅਤੇ ਇੱਕ ਮੱਝ ਨੂੰ ਛੱਤ ‘ਤੇ ਚੜ੍ਹਾਇਆ
ਅੰਮ੍ਰਿਤਪਾਲ ਸਿੰਘ ਨੇ ਹਿੰਮਤ ਕਰਦਿਆਂ ਘਰੇਲੂ ਪੌੜੀ ਦੀ ਮਦਦ ਨਾਲ ਤਿੰਨ ਗਊਆਂ ਅਤੇ ਇੱਕ ਮੱਝ ਨੂੰ ਚਾਰ ਘੰਟਿਆਂ ਦੀ ਮਿਹਨਤ ਬਾਅਦ ਕੋਠੀ ਦੀ ਛੱਤ ਉੱਤੇ ਚੜ੍ਹਾ ਦਿੱਤਾ। ਉਸ ਨੇ ਦੱਸਿਆ ਕਿ ਖੇਤਾਂ ਵਿੱਚ ਅਜੇ ਵੀ ਲਗਭਗ 5 ਫੁੱਟ ਪਾਣੀ ਖੜ੍ਹਾ ਹੈ ਅਤੇ 20 ਏਕੜ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।
ਪ੍ਰਸ਼ਾਸਨ ਤੋਂ ਤੁਰੰਤ ਰਾਹਤ ਦੀ ਮੰਗ
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਹੜ੍ਹ ਨੇ ਲੋਕਾਂ ਦੀ ਜ਼ਿੰਦਗੀ, ਪਸ਼ੂਆਂ ਅਤੇ ਫਸਲਾਂ ਨੂੰ ਬੇਹੱਦ ਨੁਕਸਾਨ ਪਹੁੰਚਾਇਆ ਹੈ। ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਪਸ਼ੂਆਂ ਅਤੇ ਕਿਸਾਨਾਂ ਲਈ ਤੁਰੰਤ ਰਾਹਤ ਦੇ ਪ੍ਰਬੰਧ ਕੀਤੇ ਜਾਣ।