ਫਰੀਦਕੋਟ :- ਫਰੀਦਕੋਟ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੌਰਾਨ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਆਪਰੇਸ਼ਨ ਵਿਚ ਦੋ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 12.100 ਕਿਲੋਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ, ਜਿਸਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਵਿਚ ਕਰੋੜਾਂ ਰੁਪਏ ਤੱਕ ਪਹੁੰਚਦੀ ਹੈ।
ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ
ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਕਾਰਵਾਈ ਫਰੀਦਕੋਟ ਪੁਲਿਸ ਲਈ ਇੱਕ ਇਤਿਹਾਸਕ ਉਪਲੱਬਧੀ ਹੈ। ਉਨ੍ਹਾਂ ਮੁਤਾਬਕ, ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੇ ਪਿੰਡ ਝਾੜੀ ਵਾਲਾ ਵਾਸੀ ਸੁਖਪ੍ਰੀਤ ਸਿੰਘ ਅਤੇ ਫਿਰੋਜਪੁਰ ਜਿਲ੍ਹੇ ਦੇ ਪਿੰਡ ਵਾਂਅ ਵਾਸੀ ਕਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
10 ਦਿਨਾਂ ਦੀ ਖੁਫੀਆ ਮਿਹਨਤ
ਪੁਲਿਸ ਨੇ ਲਗਭਗ 10 ਦਿਨਾਂ ਦੀ ਖੁਫੀਆ ਜਾਂਚ ਅਤੇ ਨਿਗਰਾਨੀ ਤੋਂ ਬਾਅਦ ਇਹ ਰਿਕਵਰੀ ਕੀਤੀ ਹੈ। ਥਾਣਾ ਸਦਰ ਅਤੇ ਪਿੰਡ ਗੋਲੇਵਾਲਾ ਪੁਲਿਸ ਚੌਂਕੀ ਦੀ ਸਾਂਝੀ ਟੀਮ ਨੇ ਇਹ ਆਪਰੇਸ਼ਨ ਚਲਾਇਆ।
ਹੋਰ ਖੁਲਾਸਿਆਂ ਦੀ ਉਮੀਦ
ਐਸਐਸਪੀ ਨੇ ਦੱਸਿਆ ਕਿ ਦੋਵੇਂ ਗ੍ਰਿਫਤਾਰ ਤਸਕਰਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਰਿਮਾਂਡ ਦੌਰਾਨ ਉਨ੍ਹਾਂ ਤੋਂ ਹੋਰ ਮਹੱਤਵਪੂਰਨ ਸੁਰਾਗ ਮਿਲਣ ਦੀ ਸੰਭਾਵਨਾ ਹੈ, ਜਿਸ ਨਾਲ ਪਤਾ ਲੱਗੇਗਾ ਕਿ ਇਹਨਾਂ ਦੇ ਸੰਬੰਧ ਕਿਹੜੇ ਅੰਤਰਰਾਜੀ ਨਸ਼ਾ ਗਿਰੋਹਾਂ ਨਾਲ ਹਨ।
ਅੱਜ ਤੱਕ ਦੀ ਸਭ ਤੋਂ ਵੱਡੀ ਰਿਕਵਰੀ
ਫਰੀਦਕੋਟ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਅੱਜ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਰਿਕਵਰੀ ਹੈ। ਮੁੱਢਲੀ ਪੁੱਛਗਿੱਛ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ ‘ਤੇ ਨਸ਼ਾ ਸਪਲਾਈ ਚੇਨ ਦੇ ਹੋਰ ਗੁੱਥੀਆਂ ਸੁਲਝਣ ਦੀ ਉਮੀਦ ਹੈ।