ਫਤਿਹਗੜ੍ਹ ਸਾਹਿਬ :- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇਤਿਹਾਸਕ ਗੁਰੂਦੁਆਰਾ ਮੰਜੀ ਸਾਹਿਬ ਨੌਵੀਂ ਪਾਤਸ਼ਾਹੀ ਦੀ ਚਰਨ ਛੋਹ ਵਾਲੇ ਪਿੰਡ ਜਖਵਾਲੀ ਵਿੱਚ ਅੱਜ ਧਾਰਮਿਕ ਸਾਂਝ ਅਤੇ ਮਨੁੱਖਤਾ ਦੀ ਇੱਕ ਵਿਲੱਖਣ ਮਿਸਾਲ ਸਾਹਮਣੇ ਆਈ। ਮਾਤਾ ਰਾਜਿੰਦਰ ਕੌਰ, ਪਤਨੀ ਮਰਹੂਮ ਜਰਨੈਲ ਸਿੰਘ, ਅਤੇ ਉਨ੍ਹਾਂ ਦੇ ਪਰਿਵਾਰ ਜੋ ਸਿੱਖ ਮੱਤ ਨਾਲ ਸੰਬਧਿਤ ਨੇ, ਪਿੰਡ ਦੇ ਮੁਸਲਿਮ ਭਾਈਚਾਰੇ ਦੀ ਨਮਾਜ਼ ਅਦਾ ਕਰਨ ਲਈ ਆ ਰਹੀ ਮੁਸ਼ਕਲ ਨੂੰ ਵੇਖਦੇ ਹੋਏ ਆਪਣੀ 5 ਮਰਲੇ ਜ਼ਮੀਨ ਮਸਜਿਦ ਨਿਰਮਾਣ ਲਈ ਦਾਨ ਕਰ ਦਿੱਤੀ। ਇਹ ਕਦਮ ਪਿੰਡ ਵਿੱਚ ਸਮਾਜਕ ਏਕਤਾ ਅਤੇ ਆਪਸੀ ਸਤਿਕਾਰ ਦੀ ਨਵੀਂ ਲਕੀਰ ਖਿੱਚਦਾ ਹੈ।
ਸ਼ਾਹੀ ਇਮਾਮ ਦੀ ਵਿਸ਼ੇਸ਼ ਹਾਜ਼ਰੀ
ਮਸਜਿਦ ਦੇ ਨੀਹ ਪੱਥਰ ਸਮਾਗਮ ਲਈ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉਹਨਾਂ ਨੇ ਨੀਹ ਪੱਥਰ ਰੱਖਣ ਤੋਂ ਬਾਅਦ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਅੱਜ ਵੀ ਦੁਨੀਆ ਵਾਸੀਆਂ ਨੂੰ ਭਾਈਚਾਰੇ, ਪਿਆਰ ਅਤੇ ਸਾਂਝ ਦਾ ਅਟੁੱਟ ਸੁਨੇਹਾ ਮਿਲਦਾ ਹੈ।
ਭਾਈਚਾਰੇ ਦੀ ਸਾਂਝ ਦਾ ਪੁਰਾਤਨ ਰਿਵਾਜ
ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਦੇ ਲੋਕ ਹਰ ਧਰਮ ਨੂੰ ਸਮਝਦੇ, ਸਤਿਕਾਰਦੇ ਅਤੇ ਆਪਣੀ ਵਿਰਾਸਤ ਨੂੰ ਮਾਣਦੇ ਹਨ। ਉਹਨਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਨਫਰਤ ਦੇ ਮਾਹੌਲ ਵਿੱਚ ਵੀ ਪੰਜਾਬ ਨੇ ਹਮੇਸ਼ਾ ਪਿਆਰ, ਸਦਭਾਵਨਾ ਅਤੇ ਸਾਂਝ ਦੀ ਜੋਤ ਜਗਾਈ ਰੱਖੀ ਹੈ। ਸਮਾਜਿਕ ਏਕਤਾ ਦੀ ਇਹ ਮਿਸਾਲ ਪੂਰੇ ਇਲਾਕੇ ਲਈ ਪ੍ਰੇਰਣਾਦਾਇਕ ਹੈ।
ਸਮਾਜ ਲਈ ਸੁਨੇਹਾ
ਜ਼ਮੀਨ ਦਾਨ ਕਰਨ ਵਾਲੇ ਪਰਿਵਾਰ ਦੇ ਇਸ ਫ਼ੈਸਲੇ ਨੂੰ ਪਿੰਡ ਦੇ ਹਰ ਵਰਗ ਵੱਲੋਂ ਪ੍ਰਸ਼ੰਸਾ ਮਿਲ ਰਹੀ ਹੈ। ਸਿੱਖ-ਮੁਸਲਿਮ ਏਕਤਾ ਅਤੇ ਪਿੰਡ ਦੀ ਇਕੱਠ ਦੀ ਰਵਾਇਤ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਸਮਾਜ ਦੀਆਂ ਜੜ੍ਹਾਂ ਮਮਤਾ, ਮਨੁੱਖਤਾ ਅਤੇ ਮਿਲਜੁਲ ਕੇ ਰਹਿਣ ਵਿੱਚ ਡੂੰਘੀਆਂ ਹਨ।

